ਦਫ਼ਤਰ ਭਾਸ਼ਾ ਵਿਭਾਗ ਵਿਖੇ ਸਕੂਲਾਂ ਨੂੰ ਮਹਾਨ ਕੋਸ਼ ਪ੍ਰਦਾਨ ਕਰਕੇ ਜਨਮ ਦਿਨ ਮਨਾਇਆ
ਹੁਸ਼ਿਆਰਪੁਰ, 22 ਅਗਸਤ: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਪਟਵਾਰੀ ਦੀ ਟ੍ਰੇਨਿੰਗ ਕਰ ਰਹੇ ਨੌਜਵਾਨ ਮਨਦੀਪ ਸਿੰਘ ਨੇ ਆਪਣਾ ਜਨਮ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਭਾਸ਼ਾ ਵਿਭਾਗ ਦਾ ਕਲਾਸੀਕਲ ਗ੍ਰੰਥ ਮਹਾਨ ਕੋਸ਼ ਲਿਖਤ ਭਾਈ ਕਾਨ੍ਹ ਸਿੰਘ ਨਾਭਾ ਪ੍ਰਦਾਨ ਕਰਕੇ ਅਨੋਖੇ ਢੰਗ ਨਾਲ ਮਨਾਇਆ ਗਿਆ।
ਦਫ਼ਤਰ ਭਾਸ਼ਾ ਵਿਭਾਗ ਵਿਖੇ ਰਚਾਏ ਗਏ ਇਸ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਆਏ ਮਹਿਮਾਨਾਂ ਨੂੰ ਜੀ ਆਇਆਂ ਸ਼ਬਦ ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਮਨਦੀਪ ਸਿੰਘ ਇਕ ਹੋਣਹਾਰ ਵਿਦਿਆਰਥੀ ਦੇ ਨਾਲ-ਨਾਲ ਵਧੀਆ ਪਾਠਕ ਵੀ ਹੈ।ਇਸ ਨੇ ਖ਼ੁਦ ਵੀ ਅਤੇ ਆਪਣੇ ਦੋਸਤਾਂ ਨੂੰ ਵੀ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਨਾਲ ਜੋੜ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਧੀਆ ਭੂਮਿਕਾ ਨਿਭਾਈ ਹੈ।
ਆਪਣੇ ਜਨਮ ਦਿਨ ’ਤੇ ਸਕੂਲਾਂ ਨੂੰ ਮਹਾਨ ਕੋਸ਼ ਦੇਣ ਦੇ ਉਸ ਦੇ ਇਸ ਉੱਦਮ ਦਾ ਅਸਲ ਮਨੋਰਥ ਵਿਦਿਆਰਥੀਆਂ ਵਿਚ ਆਪਣੇ ਜਨਮ ਦਿਨ ਮਨਾਉਂਦਿਆਂ ਮਠਿਆਈ ਅਤੇ ਟਾਫੀਆਂ ਆਦਿ ਨੂੰ ਛੱਡ ਕੇ ਪੁਸਤਕ ਸੱਭਿਆਚਾਰ ਦਾ ਫੈਲਾਅ ਕਰਨ ਦੀ ਚੇਟਕ ਲਾਉਣਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਵੀ ਮਨਦੀਪ ਸਿੰਘ ਨੂੰ ਵਧਾਈ ਦਿੰਦਿਆਂ ਇਸ ਸਾਰਥਕ ਯਤਨ ਨੂੰ ਤਮਾਮ ਉਮਰ ਨਾਲ ਲੈ ਕੇ ਜਾਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਵਿਦਿਆਰਥੀਆਂ ਅਤੇ ਨੌਜਵਾਨ ਵਰਗ ਵਿਚ ਇਹੋ ਜਿਹੀ ਸੋਚ ਪਨਪ ਜਾਵੇ ਤਾਂ ਸਾਡਾ ਸਮਾਜ ਸੰਵੇਦਨਸ਼ੀਲ ਬਣ ਜਾਵੇਗਾ।ਦਫ਼ਤਰ ਭਾਸ਼ਾ ਵਿਭਾਗ ਨੇ ਮਨਦੀਪ ਸਿੰਘ ਨੂੰ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕਰਕੇ ਵਧਾਈ ਦਿੱਤੀ।
ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ, ਘੰਟਾ ਘਰ, ਖ਼ੁਆਸ ਪੁਰਹੀਰਾਂ, ਅਜੜਾਮ, ਅੱਤੋਵਾਲ, ਸ਼ੇਰਗੜ੍ਹ, ਬੱਸੀ ਕਲਾਂ, ਚੌਹਾਲ, ਚੱਬੇਵਾਲ ਅਤੇ ਖੜਕਾਂ ਦੀਆਂ ਲਾਇਬ੍ਰੇਰੀਆਂ ਨੂੰ ਮਹਾਨ ਕੋਸ਼ ਪ੍ਰਦਾਨ ਕੀਤੇ ਗਏ। ਮਨਦੀਪ ਸਿੰਘ ਨੇ ਆਪਣੇ ਉਸਤਾਦ ਅਧਿਆਪਕਾਂ ਸ਼੍ਰੀ ਗਣੇਸ਼ ਕੁਮਾਰ ਅਤੇ ਪਰਮਜੀਤ ਸਿੰਘ ਹੁਰਾਂ ਦੇ ਨਾਲ-ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਵਿੰਦਰ ਸਿੰਘ ਦਾ ਵੀ ਮਹਾਨ ਕੋਸ਼ਾਂ ਨਾਲ ਸਨਮਾਨ ਕੀਤਾ ਗਿਆ।
ਭਾਸ਼ਾ ਵਿਭਾਗ ਦੀ ਸਰ ਜ਼ਮੀਨ ਤੋਂ ਇਸ ਅਨੋਖੀ ਪਹਿਲ ਦੀ ਸ਼ੁਰੂਆਤ ਕਰਨ ਲਈ ਦੋਸਤਾਂ ਵਾਸਤੇ ਧੰਨਵਾਦੀ ਸ਼ਬਦ ਡਾ. ਜਸਵੰਤ ਰਾਏ ਨੇ ਆਖੇ। ਇਸ ਮੌਕੇ ਪ੍ਰਿੰਸੀਪਲ ਕਰੁਣ ਸ਼ਰਮਾ, ਲੈਕ. ਬਲਵਿੰਦਰ ਕੁਮਾਰ, ਮੈਡਮ ਮੰਜੂ ਅਰੋੜਾ, ਮੈਡਮ ਰਾਜਵਿੰਦਰ ਕੌਰ, ਲਵਪ੍ਰੀਤ, ਤਜਿੰਦਰ ਸਿੰਘ, ਲਾਲ ਸਿੰਘ, ਪੁਸ਼ਪਾ ਰਾਣੀ ਆਦਿ ਹਾਜ਼ਰ ਸਨ।