ਡੇਂਗੂ ਦੀ ਪ੍ਰਭਾਵੀ ਰੋਕਥਾਮ ਅਤੇ ਨਿਯੰਤਰਣ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ: ਡਾ ਜਗਦੀਪ ਸਿੰਘ
ਹੁਸ਼ਿਆਰਪੁਰ 22 ਅਗਸਤ 2024: ਬਰਸਾਤਾਂ ਦੇ ਮੌਸਮ ਦੌਰਾਨ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਅਗਵਾਈ ਵਿੱਚ ਡੇਂਗੂ ਤੋਂ ਬਚਾਅ ਪ੍ਰਤੀ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਮੱਛਰਾਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਪ੍ਰਤੀ ਸੁਚੇਤ ਕੀਤਾ ਗਿਆ। ਡਾ ਜਗਦੀਪ ਦੀ ਅਗਵਾਈ ਵਾਲੀ ਐਂਟੀ ਲਾਰਵਾ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਘਰਾਂ ਦਾ ਦੌਰਾ ਕਰਕੇ ਡੇਂਗੂ ਸਰਵੇਖਣ ਕੀਤਾ ਗਿਆ। ਇਸ ਦੌਰਾਨ ਬਰੀਡਿੰਗ ਚੈਕਿੰਗ, ਪਾਣੀ ਦੀ ਨਿਕਾਸੀ ਚੈੱਕ ਕੀਤੀ ਗਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ. ਜਗਦੀਪ ਸਿੰਘ ਨੇ ਦੱਸਿਆ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਹੁਣ ਤੱਕ 79945 ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ 2811 ਘਰਾਂ ਵਿੱਚੋਂ ਲਾਰਵਾ ਪਾਇਆ ਗਿਆ ਹੈ। ਅਤੇ ਪਾਣੀ ਰੱਖਣ ਵਾਲੇ ਕੰਟੇਨਰਾਂ ਨੂੰ ਖਾਲੀ ਕਰਵਾਇਆ ਗਿਆ। ਲਾਰਵੀਸਾਈਡ ਸਪਰੇਅ ਕਰਵਾਈ ਗਈ। ਉਹਨਾਂ ਕਿਹਾ ਕਿ ਸ਼ਹਿਰੀ ਖੇਤਰ ਹੁਸ਼ਿਆਰਪੁਰ ਵਿੱਚ ਡੇਂਗੂ ਦੇ 21 ਮਾਮਲੇ ਸਾਹਮਣੇ ਆਏ ਹਨ ਜਦਕਿ ਜਿਲ੍ਹੇ ਵਿੱਚ 62 ਮਾਮਲੇ ਸਾਹਮਣੇ ਆਏ ਹਨ।
ਡਾ ਜਗਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਅਤੇ ਜਿਲ੍ਹੇ ਭਰ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਘਰ ਘਰ ਵਿਜ਼ਿਟ ਦੌਰਾਨ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ, ਜਾਨਵਰਾਂ ਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮ੍ਹਾ ਪਾਣੀ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ ਅਤੇ ਪੂਰੀ ਤਰ੍ਹਾਂ ਡਰਾਈ ਰੱਖਣ ਲਈ ਕਿਹਾ ਜਾਂਦਾ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।
ਇਸਦੇ ਨਾਲ ਹੀ ਸਿਹਤ ਕਾਮਿਆਂ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਕੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਵਾਰ-ਵਾਰ ਘਰਾਂ ਵਿੱਚ ਜਾ ਕੇ ਜਾਗਰੂਕ ਕਰਨ ਦੇ ਬਾਵਜੂਦ ਵੀ ਘਰਾਂ ਅਤੇ ਹੋਰ ਥਾਵਾਂ ‘ਤੇ ਅਣਦੇਖੀ ਅਤੇ ਅਣਗਹਿਲੀ ਵਾਲੇ ਰਵੱਈਏ ਕਾਰਨ ਮੱਛਰਾਂ ਦਾ ਲਾਰਵਾ ਵਾਰ-ਵਾਰ ਘਰਾਂ ਵਿੱਚ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਦੀ ਪ੍ਰਭਾਵੀ ਰੋਕਥਾਮ ਅਤੇ ਨਿਯੰਤਰਣ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਸਰਵੇ ਕਰ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤਾਂ ਹੀ ਡੇਂਗੂ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।