ਤੀਆਂ ਦਾ ਤਿਉਹਾਰ ਨਾਰੀ ਸ਼ਕਤੀ ਦਾ ਪ੍ਰਤੀਕ : ਵਿਭਾ ਸ਼ਰਮਾ
ਹੁਸ਼ਿਆਰਪੁਰ, 9 ਅਗਸਤ : ਸਰਕਾਰੀ ਸਕੂਲ ਖਵਾਸ ਪੁਰਹੀਰਾਂ ਵਿਖੇ ਅੱਜ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਧਰਮ ਪਤਨੀ ਵਿਭਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲਲਿਤਾ ਰਾਣੀ, ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਰਸਮਾਂ ਨਾਲ ਹੋਈ। ਰੰਗ-ਬਿਰੰਗੀਆਂ ਰਵਾਇਤੀ ਪੁਸ਼ਾਕਾਂ ਵਿਚ ਸਜੇ ਵਿਦਿਆਰਥਣਾਂ ਨੇ ਤੀਜ ਦੇ ਗੀਤ ਗਾਏ ਅਤੇ ਡਾਂਸ ਕੀਤਾ। ਇਸ ਮੌਕੇ ਸਕੂਲ ਦੇ ਵਿਹੜੇ ਨੂੰ ਵੀ ਸੁੰਦਰ ਰੰਗੋਲੀ ਅਤੇ ਫੁੱਲਾਂ ਨਾਲ ਸਜਾਇਆ ਗਿਆ, ਜਿਸ ਨਾਲ ਮਾਹੌਲ ਹੋਰ ਵੀ ਖੁਸ਼ਗਵਾਰ ਹੋ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਿਭਾ ਸ਼ਰਮਾ ਨੇ ਤੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਨਾਰੀ ਸ਼ਕਤੀ ਦਾ ਪ੍ਰਤੀਕ ਹੈ ਅਤੇ ਸਾਨੂੰ ਇਸ ਨੂੰ ਸੰਭਾਲਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਕੂਲ ਵੱਲੋਂ ਕਰਵਾਏ ਸਮਾਗਮ ਦੀ ਵੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਨਾ ਸਿਰਫ਼ ਵਿਦਿਆਰਥੀਆਂ ਲਈ ਮਨੋਰੰਜਨ ਦਾ ਸਾਧਨ ਬਣਿਆ ਸਗੋਂ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਜਾਣੂ ਹੋਣ ਦਾ ਮੌਕਾ ਵੀ ਪ੍ਰਦਾਨ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਰਾਣੀ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸਕੂਲ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਆਤਮ-ਵਿਸ਼ਵਾਸ ਵਧਾਉਂਦੇ ਹਨ ਅਤੇ ਉਹ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੁੜਦੇ ਹਨ।
ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਮੰਤਵ ਲਈ ਸਮੇਂ-ਸਮੇਂ ‘ਤੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ |
ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਅੰਜੂ ਰੱਤੀ, ਲੈਕਚਰਾਰ ਪ੍ਰੀਤੀ ਸੋਨੀ, ਕਮਲਜੀਤ ਕੌਰ, ਸੁਖਜੀਤ ਕੌਰ, ਮੀਨਾਕਸ਼ੀ, ਸ਼ੀਲਾ ਦੇਵੀ, ਰਾਜਵਿੰਦਰ ਕੌਰ, ਸੰਦੀਪ ਕੌਰ, ਰੀਨਾ ਰਾਣੀ, ਅਨੁਪਮ ਕੰਵਰ, ਸੁਪ੍ਰੀਆ ਬਹਿਲ, ਮਮਤਾ ਪਾਹਵਾ, ਪ੍ਰਦੀਪ ਜੱਸੀ, ਕਾਫੀਆ, ਬਲਵਿੰਦਰ ਕੌਰ, ਅੰਬਿਕਾ, ਅੰਬਰਗੀਤ ਕੌਰ, ਹਰਪ੍ਰੀਤ ਕੌਰ, ਬਲਵੀਰ ਕੌਰ, ਸਬਨੀਤ ਕੌਰ, ਸ਼ਾਲੂ, ਸੋਨੂੰ ਬਾਲਾ, ਬਰਜਿੰਦਰ ਹੀਰ, ਰਵਿੰਦਰ ਕੌਰ, ਸੁਮਨ, ਨਵਜੋਤ ਕੌਰ, ਪੂਨਮ, ਕੁਸਮ, ਗੁਰਪ੍ਰੀਤ ਕੌਰ, ਸਰਿਤਾ, ਕੁਲਵਿੰਦਰ ਸਿੰਘ ਧਾਮੀ, ਨਰਿੰਦਰ ਸ਼ਰਮਾ, ਪ੍ਰਵੀਨ ਕੁਮਾਰ, ਹਰਜਿੰਦਰ ਸਿੰਘਾਂ, ਸਤਿੰਦਰ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ।