ਬੋਹੜ ਅਤੇ ਪਿੱਪਲ ਦਾ ਦਰੱਖਤ ਸਾਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ : ਨੰਬਰਦਾਰ ਰਣਜੀਤ ਰਾਣਾ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਧਰਤੀ ਤੇ ਵੱਧ ਰਹੇ ਪ੍ਰਦੂਸ਼ਣ,ਤਾਪਮਾਨ ਅਤੇ ਪਰਿਵਰਤਨ ਚਿੰਤਾ ਦਾ ਵਿਸ਼ਾ ਹਨ ਕਿਉਕਿ ਧਰਤੀ ਨੂੰ ਧਰਤੀ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸਨੇ ਸਾਨੂੰ ਜੀਵਨ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ਬਿਤਾਉਣ ਦੇ ਸਾਰੇ ਸਾਧਨ ਮੁਹੱਈਆ ਕਰਵਾਏ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਸਥਾਨਿਕ ਮਹੁੱਲਾ ਭੀਮ ਨਗਰ ਦੇਗੁਰੂਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉੱਘੇ ਸਮਾਜ ਸੇਵਕ ਅਤੇ ਨੰਬਰਦਾਰ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਕੀਤਾ ।
ਉਹਨਾ ਕਿਹਾ ਕਿ ਮਨੁੱਖ ਇਸ ਧਰਤੀ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਨਹੀ ਹੈ ਜਿਸ ਦੇ ਚੱਲਦਿਆਂ ਧਰਤੀ ਦੇ ਵਾਤਾਵਰਣ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਜਿੱਥੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਉਥੇ ਮਾਨਵ ਜਾਤੀ ਦੇ ਲਈ ਹੀ ਨਹੀਂ ਬਲਕਿ ਪਸ਼ੂ-ਪੰਛੀਆਂ ਦੇ ਲਈ ਵੀ ਖਤਰਾ ਪੈਦਾ ਹੋ ਰਿਹਾ ਹੈ ਜਿਸ ਦੇ ਲਈ ਕਾਫੀ ਹੱਦ ਤੱਕ ਮਨੁੱਖ ਹੀ ਜ਼ਿੰਮੇਵਾਰ ਹੈ ਕਿਉਂਕਿ ਮਨੁੱਖ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਘੱਟ ਕੀਤੇ ਜਾ ਰਹੇ ਜੰਗਲਾਂ ਦੇ ਕਾਰਨ ਹੀ ਇਸ ਤਰ੍ਹਾਂ ਹੋ ਰਿਹਾ ਹੈ। ਜਿਸ ਨਾਲ ਧਰਤੀ ਤੇ ਲੱਗੇ ਰੁੱਖਾ, ਫਸਲਾ, ਜੀਵ ਜੰਤੂਆ ਅਤੇ ਮਾਨਵ ਜਾਤੀ ਦਾ ਵੀ ਨੁਕਸਾਨ ਹੋ ਰਿਹਾ ਹੈ।
ਉਹਨਾ ਕਿਹਾ ਕਿ ਧਰਤੀ ਤੇ ਵੱਧ ਪ੍ਰਦੂਸ਼ਣ ਵਾਲੀਆ ਵਸਤੂਆਂ ਜਿਵੇਂ ਪਲਾਸਟਿਕ ਅਤੇ ਨਾ ਗਲਣ ਅਤੇ ਨਾ ਸੜਨ ਵਾਲੇ ਪਦਾਰਥਾਂ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ ਤਾ ਕਿ ਇਸ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਪ੍ਰਭਾਵਿਤ ਹੋ ਰਹੇ ਜੀਵਨ ਦੇ ਚੱਕਰ ਨੂੰ ਬਚਾਇਆ ਜਾ ਸਕੇ। ਉਹਨਾ ਕਿਹਾ ਕਿ ਸਾਨੂੰ ਛਾਂਦਾਰ ਬੂਟਿਆਂ ਦੇ ਨਾਲ ਨਾਲ ਫਲਦਾਰ ਦੇ ਬੂਟੇ ਵੀ ਲਗਾਉਣੇ ਚਾਹੀਦੇ ਹਨ
ਜੋ ਕਿ ਸਾਨੂੰ ਜੀਵਨ ਅਤੇ ਫਲ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੱਪਲ ਦਾ ਦਰੱਖਤ ਸਾਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਜੀਵਨ ਦਾਇਕ ਪੌਦੇ ਲਗਾਉਣੇ ਚਾਹੀਦੇ ਹਨ ।