ਮਾਨਸਿਕ ਸਿਹਤ ਅਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਅੱਜ ਦੇ ਸਮੇਂ ਦੀ ਅਹਿਮ ਲੋੜ: ਡਾ ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ 30 ਜੁਲਾਈ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਸੱਤ ਬਲਾਕਾਂ ਜਿਹਨਾਂ ਵਿਚ ਪੋਸੀ, ਹਾਰਟਾ ਬੱਡਲਾ ਚੱਕੋਵਾਲ, ਭੂੰਗਾ, ਬੁਢਾਵਾੜਾ, ਮੰਡ ਪੰਧੇਰ ਅਤੇ ਟਾਂਡਾ ਵਿਖੇ ਸੰਬੰਧਤ ਸੀਨੀਅਰ ਮੈਡੀਕਲ ਅਫਸਰਾਂ ਦੀ ਪ੍ਰਧਾਨਗੀ ਹੇਠ ਮਾਨਸਿਕ, ਨਿਊਰੋਲੋਜੀਕਲ, ਨਸ਼ਿਆਂ ਦੇ ਬੁਰੇ ਪ੍ਰਭਾਵ, ਉਪਚਾਰ ਅਤੇ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਬਲਾਕਾਂ ਦੀਆਂ ਆਸ਼ਾ ਤੇ ਆਸ਼ਾ ਫੈਸਲੀਟੇਟਰ ਦੀ ਛੇ ਰੋਜ਼ਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਦੱਸਿਆ ਕਿ ਇਹ ਟ੍ਰੇਨਿੰਗ ਵੱਖ ਵੱਖ ਟ੍ਰੇਨਰਾਂ ਜਿਹਨਾਂ ਵਿਚ ਜ਼ਿਲ੍ਹਾ ਪੱਧਰ ਤੋਂ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਐਚਆਈ ਵਿਸ਼ਾਲ ਪੂਰੀ ਅਤੇ ਬਲਾਕ ਪੱਧਰ ਤੇ ਵੱਖ ਵੱਖ ਟ੍ਰੇਨਰਾਂ ਵੱਲੋਂ ਦਿੱਤੀ ਜਾ ਰਹੀ ਹੈ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਮਾਨਸਿਕ ਤੇ ਨਿਊਰੋਲੋਜੀਕਲ ਸਥਿਤੀਆਂ, ਨਸ਼ਿਆਂ ਨਾਲ ਹੋਣ ਵਾਲੇ ਮਾੜੇ ਪ੍ਰਭਾਵ ਖਾਸ ਕਰ ਕੇ ਮਾਨਸਿਕ ਸਿਹਤ ਸਬੰਧੀ ਪੈਦਾ ਹੋਣ ਵਾਲੇ ਵਿਕਾਰ, ਉਪਚਾਰਕ ਤੇ ਬਜ਼ੁਰਗਾਂ ਦੀ ਕਿਵੇਂ ਦੇਖਭਾਲ ਕਰਨੀ ਹੈ, ਬਾਰੇ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਤੇ ਤਣਾਅ ਮੁਕਤ ਰਹਿਣ ਲਈ ਪੌਸ਼ਟਿਕ ਅਹਾਰ, ਕਸਰਤ, ਸਕਾਰਾਤਮਕ ਸਮਾਜਕ ਵਰਤਾਰਾ, ਅਧਿਆਤਮਕ ਤੌਰ ‘ਤੇ ਮਜ਼ਬੂਤ ਬਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਸਾਡੀ ਮਾਨਸਿਕ ਸਿਹਤ ਤੇ ਵੀ ਗਹਿਰਾ ਅਸਰ ਹੁੰਦਾ ਹੈ। ਇਸ ਲਈ ਜਿੰਨਾਂ ਅਸੀਂ ਨਸ਼ਿਆਂ ਤੋਂ ਦੂਰ ਰਹਾਂਗੇ ਸਾਡੀ ਮਾਨਸਿਕ ਸਿਹਤ ਉਨੀ ਹੀ ਬਿਹਤਰ ਹੋਵੇਗੀ।
ਉਹਨਾਂ ਕਿਹਾ ਕਿ ਵਿਭਾਗ ਲਾਇਲਾਜ ਰੋਗਾਂ ਨਾਲ ਲੜਣ ਵਾਲੇ ਮਰੀਜ਼ਾਂ ਦੇ ਦੁੱਖ-ਦਰਦ ਚਾਹੇ ਉਹ ਸਰੀਰਕ ਹੋਣ, ਮਾਨਸਿਕ ਹੋਣ, ਵਿੱਤੀ ਜਾਂ ਸਮਾਜਿਕ ਹੋਣ ਉਨ੍ਹਾਂ ਨੂੰ ਘੱਟ ਕਰਨ ਲਈ ਵਚਨਵੱਧ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਜੇਕਰ ਉਹ ਚੱਲ ਫਿਰ ਸਕਦੇ ਹਨ ਉਨ੍ਹਾਂ ਦੀ ਕਿਵੇਂ ਦੇਖਭਾਲ ਕਰਨੀ ਜਾਂ ਜੇਕਰ ਉਹ ਬਿਸਤਰਿਆਂ ‘ਤੇ ਪਏ ਹਨ ਉਨ੍ਹਾਂ ਦੀ ਕਿਵੇਂ ਦੇਖਭਾਲ ਕਰ ਕੇ ਉਨ੍ਹਾਂ ਦਾ ਬੁਢਾਪਾ ਬਿਹਤਰ ਕਰ ਸਕਣ ਸੰਬੰਧੀ ਇਹ ਟ੍ਰੇਨਿੰਗ ਲਾਹੇਵੰਦ ਸਿੱਧ ਹੋਵੇਗੀ।