ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਣਗੇ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
ਹੁਸ਼ਿਆਰਪੁਰ, 19 ਜੁਲਾਈ : ਪੰਜਾਬ ਸਰਕਾਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਿਚ ਸਾਹਿਤ ਪ੍ਰਤੀ ਸਿਰਜਣਾਤਮਕ ਰੁਚੀਆਂ ਵਿਕਸਿਤ ਕਰਨ ਹਿੱਤ ਜ਼ਿਲ੍ਹਾ ਪੱਧਰ ‘ਤੇ ਪੰਜਾਬੀ ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਡਾ. ਜਸਵੰਤ ਰਾਏ ਨੇ ਦੱਸਿਆਂ ਕਿ ਇਹ ਮੁਕਾਬਲੇ 30 ਜੁਲਾਈ, 2024 ਦਿਨ ਮੰਗਲਵਾਰ ਸਵੇਰੇ 9 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖ਼ੁਆਸਪੁਰ ਹੀਰਾਂ, ਹੁਸ਼ਿਆਰਪੁਰ ਵਿਖੇ ਕਰਵਾਏ ਜਾਣਗੇ।
ਕਵਿਤਾ ਗਾਇਨ, ਕਹਾਣੀ, ਕਵਿਤਾ ਅਤੇ ਲੇਖ ਲਿਖਣ ਚਾਰ ਕਿਰਿਆਵਾਂ ਵਿਚੋਂ ਹਰੇਕ ਕਿਰਿਆ ਲਈ ਇਕ ਸਕੂਲ ਵਿਚੋਂ ਦੋ-ਦੋ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਜ਼ਿਲ੍ਹੇ ਪੱਧਰ ‘ਤੇ ਹਰੇਕ ਵਰਗ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਵਿਦਿਆਰਥੀ ਪੰਜਾਬ ਪੱਧਰ ‘ਤੇ ਮੁਕਾਬਲੇ ਵਿਚ ਵੀ ਹਿੱਸਾ ਲੈਣਗੇ।
ਇਨ੍ਹਾਂ ਮੁਕਾਬਲਿਆਂ ਵਿਚ ਮੈਟ੍ਰਿਕ ਜਮਾਤਾਂ ਤੱਕ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀ ਉਮਰ ਐਂਟਰੀ ਫਾਰਮ ਭੇਜਣ ਦੀ ਆਖ਼ਰੀ ਮਿਤੀ ਤੱਕ 17 ਸਾਲਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮਰ ਅਤੇ ਸ਼੍ਰੇਣੀ ਸਬੰਧੀ ਜਾਣਕਾਰੀ ਸਕੂਲ ਦੇ ਮੁਖੀ ਦੁਆਰਾ ਤਸਦੀਕ ਕੀਤੀ ਹੋਣੀ ਚਾਹੀਦੀ ਹੈ।
ਐਂਟਰੀ ਫਾਰਮ ਜ਼ਿਲ੍ਹੇ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ 25 ਜੁਲਾਈ ਤੱਕ ਰਜਿਸਟ੍ਰੇਸ਼ਨ ਫਾਰਮ ਭਰ ਕੇ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ ਵਿਖੇ ਜਮ੍ਹਾ ਕਰਵਾਏ ਜਾ ਸਕਦੇ ਹਨ। ਨਾ ਮੁਕੰਮਲ ਅਤੇ ਅਧੂਰੇ ਫਾਰਮਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਅੰਤਿਮ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਐਂਟਰੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਲਵਪ੍ਰੀਤ, ਲਾਲ ਸਿੰਘ ਅਤੇ ਪੁਸ਼ਪਾ ਰਾਣੀ ਵੀ ਹਾਜ਼ਰ ਸਨ।