ਮਿਸ਼ਨ ਸ਼ਕਤੀ ਤਹਿਤ ਪੰਜਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਲਗਾਏ ਕੈਂਪ
ਹੁਸ਼ਿਆਰਪੁਰ, 19 ਜੁਲਾਈ : ਮਹਿਲਾ ਸਸ਼ਕਤੀਕਰਨ ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਧੀਨ ‘ਹੱਬ ਫ਼ਾਰ ਇੰਪਾਵਰਮੈਂਟ ਆਫ ਵੂਮੈਨ’ ਵੱਲੋਂ ਔਰਤਾਂ ਦੇ ਕੇਂਦਰਿਤ ਮੁੱਦਿਆਂ ‘ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਪੂਰੇ ਭਾਰਤ ਵਿਚ 21 ਜੂਨ, 2024 ਤੋਂ 4 ਅਕਤੂਬਰ, 2024 ਤੱਕ ਚਲਾਈ ਜਾ ਰਹੀ ਹੈ।
ਇਸ ਜਾਗਰੂਕਤਾ ਮੁਹਿੰਮ ਤਹਿਤ ਪੰਜਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਹਰਦੀਪ ਕੌਰ ਦੀ ਅਗਵਾਈ ਹੇਠ ਸਰਕਲ ਬਜਰਾਵਰ, ਛਾਉਣੀ ਕਲਾਂ, ਅੱਤੋਵਾਲ, ਫੁਗਲਾਣਾ, ਬੱਸੀ ਦੌਲਤ ਖਾਂ, ਬਲਾਕ ਹੁਸ਼ਿਆਰਪੁਰ-2 ਅਤੇ ਸਿਵਲ ਹਸਪਤਾਲ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਜਾਗਰੂਕਤਾ ਕੈਂਪਾਂ ਵਿਚ ਬਲਾਕ ਹੁਸ਼ਿਆਰਪੁਰ-2 ਦੀਆਂ ਆਂਗਣਵਾੜੀ ਵਰਕਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।
ਜਾਗਰੂਕਤਾ ਕੈਂਪਾਂ ਵਿਚ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਗੁਰਵਿੰਦਰ ਸਿੰਘ ਅਤੇ ਸਪੈਸ਼ਲ ਫਾਇਨੈਂਸ਼ੀਅਲ ਲਿਟਰੇਸੀ ਕਿਰਨਦੀਪ ਕੌਰ ਵੱਲੋਂ ਮਿਸ਼ਨ ਸ਼ਕਤੀ, ਮਹਿਲਾ ਹੈਲਪ ਲਾਈਨ ਨੰਬਰ 181, 1091, ਸਖੀ ਵਨ ਸਟਾਪ ਸੈਂਟਰ, ਘਰੇਲੂ ਹਿੰਸਾ ਐਕਟ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਔਰਤਾਂ ਲਈ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਮੈਡੀਕਲ ਸਹਾਇਤਾ, ਮੁਫ਼ਤ ਕਾਨੂੰਨੀ ਸਹਾਇਤਾ, ਕਾਊਂਂਸਲਿੰਗ ਸਰਵਿਸਜ਼ ਅਤੇ ਪੰਜ ਦਿਨਾਂ ਦੀ ਰਿਹਾਇਸ਼ ਆਦਿ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਪਾਲਣਾ ਸਕੀਮ ਬਾਰੇ ਵੀ ਦੱਸਿਆ ਗਿਆ।