ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ’ਚ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 18 ਜੁਲਾਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਜ਼ਰੂਰਤਮੰਦ ਦਾ ਹੱਥ ਫੜ ਕੇ ਉਨ੍ਹਾਂ ਲਈ ਕੰਮ ਕਰ ਰਹੀ ਹੈ, ਤਾਂ ਜੋ ਜਨਤਾ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ। ਉਹ ਅੱਜ ਵਾਰਡ ਨੰਬਰ 7 ਦੇ ਮੁਹੱਲਾ ਸ਼ਾਲੀਮਾਰ ਨਗਰ ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਟਿਊਬਵੈੱਲ ਦਾ ਉਦਘਾਟਨ ਕਰਨ ਦੌਰਾਨ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਵਿਚ ਸਭ ਤੋਂ ਵੱਧ ਟਿਊਬਵੈੱਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲੱਗੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਤੱਕ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਅਤੇ ਵਾਰਡ ਦੀ ਮੰਗ ਅਨੁਸਾਰ ਉਥੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਵਾਏ ਜਾ ਰਹੇ ਹਨ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਨਿਗਮ ਨਾਲ ਮਿਲ ਕੇ ਪਬਲਿਕ ਹੈਲਥ ਵਿਭਾਗ ਵੱਲੋਂ ਇਹ ਟਿਊਬਵੈੱਲ ਲਗਾਇਆ ਗਿਆ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਇਸ ਨੂੰ ਅਜਾਈਂ ਨਾ ਵਹਾਇਆ ਜਾਵੇ।
ਇਸ ਦੌਰਾਨ ਉਨ੍ਹਾਂ ਨੇ ਪੌਦਾ ਵੀ ਲਗਾਇਆ ਅਤੇ ਮੁਹੱਲਾ ਵਾਸੀਆਂ ਨੂੰ ਵੀ ਇਸ ਸੀਜ਼ਨ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸੰਯੁਕਤ ਸਕੱਤਰ ਸੰਦੀਪ ਤਿਵਾੜੀ, ਐਕਸੀਅਨ ਹਰਪ੍ਰੀਤ ਸਿੰਘ, ਸੁਮੇਸ਼ ਸੈਣੀ, ਮੁਹੱਲਾ ਕਮੇਟੀ ਦੇ ਪ੍ਰਧਾਨ ਕੈਪਟਨ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।