ਨਸ਼ਵਰ ਸ਼ਰੀਰ ਨੂੰ ਅਜਾਈਂ ਜਲਾਉਣ ਜਾਂ ਦਬਾਉਣ ਨਾਲੋਂ ਅਗਰ ਮਨੁੱਖਤਾ ਦੇ ਭਲੇ ਦੇ ਲੇਖੇ ਲਾ ਦਿੱਤਾ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ: ਡਾ. ਸਵਾਤੀ
ਹੁਸ਼ਿਆਰਪੁਰ 17 ਜੁਲਾਈ 2024: ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ ਵੱਲੋਂ ਜਿਲ੍ਹਾ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਮੌਕੇ ਨੇਤਰਦਾਨ ਸੰਸਥਾ ਦੇ ਮੈਂਬਰਾਂ ਦੀ ਪ੍ਰੇਰਣਾ ਸਦਕਾ ਸ੍ਰੀ ਰੋਸ਼ਨ ਲਾਲ ਪਿੰਡ ਸੁੰਦਰਪੁਰ ਦਸੂਹਾ ਅਤੇ ਸ੍ਰੀ ਕੁਲਦੀਪ ਸਿੰਘ ਪਿੰਡ ਮਾਣਕ ਢੇਰੀ ਹੁਸ਼ਿਆਰਪੁਰ ਵੱਲੋਂ ਮਰਨ ਉਪਰੰਤ ਮੈਡੀਕਲ ਰਿਸਰਚ ਲਈ ਆਪਣਾ ਸ਼ਰੀਰ ਦਾਨ ਕਰਨ ਦਾ ਪ੍ਰਣ ਲੈਂਦੇ ਹੋਏ ਆਪਣੇ ਫਾਰਮ ਭਰੇ ਗਏ। ਉਹਨਾਂ ਦੇ ਨਾਲ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਸਨ।
ਇਸ ਮੌਕੇ ਡਾ ਸਵਾਤੀ ਨੇ ਸ਼ਰੀਰ ਦਾਨੀਆਂ ਨੂੰ ਮਾਨਵਤਾ ਦੀ ਭਲਾਈ ਲਈ ਕੀਤੇ ਇਸ ਨੇਕ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾਂਦੀਆਂ ਖੋਜਾਂ ਲਈ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਲਈ ਮਰਨ ਉਪਰੰਤ ਸ਼ਰੀਰਾਂ ਦੀ ਬਹੁਤ ਲੋੜ ਹੁੰਦੀ ਹੈ। ਜਿਸ ਨਾਲ ਨਵੀਆਂ ਖੋਜਾਂ ਕਰਕੇ ਨਵੇਂ ਇਲਾਜ ਲੱਭੇ ਜਾ ਸਕਦੇ ਹਨ।ਨਸ਼ਵਰ ਸ਼ਰੀਰ ਨੂੰ ਅਜਾਈਂ ਜਲਾਉਣ ਜਾਂ ਦਬਾਉਣ ਨਾਲੋਂ ਅਗਰ ਮਨੁੱਖਤਾ ਦੇ ਭਲੇ ਦੇ ਲੇਖੇ ਲਾ ਦਿੱਤਾ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ।
ਡਾ.ਮਨਮੋਹਨ ਸਿੰਘ ਨੇ ਕਿਹਾ ਮਰਨ ਉਪਰੰਤ ਅੱਖਾਂ ਜਾਂ ਸਰੀਰ ਦਾਨ ਕਰਨਾ ਮਹਾਨ ਕਾਰਜ ਹੈ। ਸਾਨੂੰ ਸਾਰਿਆਂ ਨੂੰ ਦੇਸ਼ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਵਜੋਂ ਸਰੀਰ ਦਾਨ ਕਰਨਾ ਮਹਾਨ ਪੁੰਨ ਦਾ ਕੰਮ ਹੈ। ਇਸ ਲਈ ਇਸ ਨੇਕ ਕਾਰਜ ਵਿੱਚ ਸਾਰਿਆਂ ਨੂੰ ਸਹਿਯੋਗ ਜਰੂਰ ਦੇਣਾ ਚਾਹੀਦਾ ਹੈ।ਐਸਐਮਓਜ਼ ਅਤੇ ਨੇਤਰਦਾਨ ਸੰਸਥਾਂ ਵਲੋਂ ਸ਼ਰੀਰ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਹੋਰਾਂ ਦੱਸਿਆ ਕਿ ਸ਼ਰੀਰ ਦਾਨ ਜਾਂ ਅੱਖਾਂ ਦਾਨ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਫਾਰਮ ਲੈਣ ਲਈ ਸਿਵਲ ਹਸਪਤਾਲ ਵਿਖੇ ਸਥਿਤ ਨੇਤਰ ਦਾਨ ਵਿੰਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਸ. ਮਨਮੋਹਨ ਸਿੰਘ, ਸੈਕਟਰੀ ਸ ਬਲਜੀਤ ਸਿੰਘ ਪਨੇਸਰ, ਮੈਡਮ ਜਤਿੰਦਰ ਕੌਰ ਅਤੇ ਸ. ਗੁਰਪ੍ਰੀਤ ਸਿੰਘ ਹਾਜ਼ਰ ਸਨ ।