ਕੈਬਨਿਟ ਮੰਤਰੀ ਜਿੰਪਾ ਨੇ ਲਾਲਾ ਲਾਜਪਤ ਰਾਏ ਸਕੂਲ ਨੂੰ ਸੌਂਪਿਆ 2 ਲੱਖ ਰੁਪਏ ਦਾ ਚੈੱਕ
ਹੁਸ਼ਿਆਰਪੁਰ, 13 ਜੁਲਾਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਨੂੰ ਆਪਣੇ ਅਖ਼ਤਿਆਰੀ ਫੰਡ ਵਿਚੋਂ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ।
ਉਨ੍ਹਾਂ ਇਸ ਦੌਰਾਨ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਲਾਜਪਤ ਰਾਏ ਸਿਖ਼ਲਾਈ ਕੇਂਦਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ- ਕੀਮਤਾਂ ਦਾ ਪਾਠ ਵੀ ਪੜ੍ਹਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੋਂ ਚੱਲ ਰਿਹਾ ਇਹ ਸਕੂਲ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਸਕੂਲਾਂ ਵਿਚੋਂ ਇਕ ਹੈ, ਜਿਸ ਨੇ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੂਰੇ ਦੇਸ਼ ਨੂੰ ਬਹੁਤ ਹੀ ਹੋਣਹਾਰ ਵਿਦਿਆਰਥੀ ਦਿੱਤੇ ਹਨ, ਜਿਨ੍ਹਾਂ ਨੇ ਸਮਾਜ ਦਾ ਨਾਮ ਉੱਚਾ ਰੱਖਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਪ੍ਰਬੰਧਕ ਬਲਵੰਤ ਸਿੰਘ ਖੇੜਾ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੀ ਯਾਦ ਕਰਦਿਆਂ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਕਾਸ ਲਈ ਉਹ ਹਮੇਸ਼ਾ ਆਪਣਾ ਜਿੰਨਾ ਹੋ ਸਕੇ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਕਾਲੀਆ, ਪ੍ਰਿੰ: ਰੇਨੂੰ ਬਾਲਾ, ਜਗਦੀਪ ਸਿੰਘ ਖੇੜਾ, ਜਸਵੰਤ ਸਿੰਘ ਪਠਾਨੀਆ, ਹਰਮਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਵੀ ਮੌਜੂਦ ਸੀ।