ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ਼, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਵੱਧਦੀ ਅਬਾਦੇ ਦੇ ਮੁੱਖ ਕਾਰਨ: ਸਿਵਲ ਸਰਜਨ ਡਾ. ਡਮਾਣਾ
ਹੁਸ਼ਿਆਰਪੁਰ 11 ਜੁਲਾਈ 2024: “ਵਿਕਸਿਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਵਿਸ਼ੇ ਤੇ ਵਿਸ਼ਵ ਅਬਾਦੀ ਦਿਵਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਜੀ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਏਐਨਐਮ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦਾ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
ਉਪਰੰਤ ਸਿਵਲ ਸਰਜਨ ਡਾ ਡਮਾਣਾ ਵੱਲੋਂ ਸਹਾਇਕ ਸਿਵਲ ਸਰਜਨ ਡਾ. ਕਮਲੇਸ਼ ਕੁਮਾਰੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਡੀਐਮਈਓ ਅਨੁਰਾਧਾ ਠਾਕੁਰ, ਜ਼ਿਲਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਏਐਨਐਮ ਟ੍ਰੇਨਿੰਗ ਸਕੂਲ ਦੇ ਟਿਊਟਰ ਮੈਡਮ ਸੁਖਵਿੰਦਰ ਕੌਰ, ਮੈਡਮ ਅਮਰਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ ਤੇ ਮੈਡਮ ਰਿਤੂ ਦੇ ਸਹਿਯੋਗ ਦੇ ਨਾਲ ਇੱਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਸੰਸਾਰ ਦੀ ਅਬਾਦੀ ਜਿਸ ਰਫਤਾਰ ਨਾਲ ਵੱਧ ਰਹੀ ਹੈ, ਜੇਕਰ ਇਸ ਵਾਧੇ ਨੂੰ ਰੋਕਣ ਦੇ ਠੋਸ ਯਤਨ ਨਾ ਕੀਤੇ ਗਏ ਤਾਂ ਭੱਵਿਖ ਵਿੱਚ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸਿਹਤ ਪੱਖੋਂ ਗਲ ਕਰੀਏ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਨਾ ਮਿਲਨ ਕਾਰਣ ਦਮੇ, ਤਪਦਿਕ ਅਤੇ ਹੋਰ ਬੀਮਾਰੀਆਂ ਦੇ ਰੋਗੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਵੱਧ ਰਹੀ ਆਬਾਦੀ ਦੇ ਚੱਲਦਿਆਂ ਦੇਸ਼ ਦੇ ਕੁਦਰਤੀ ਵਸੀਲੇ ਬੜੀ ਤੇਜ਼ੀ ਨਾਲ ਘੱਟ ਰਹੇ ਹਨ। ਦੇਸ਼ ਦੀ ਇੱਕ ਚੌਥਾਈ ਆਬਾਦੀ ਨੂੰ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ ਵੀ ਨਹੀ ਹੋ ਪਾ ਰਹੀ। ਉਨਾਂ ਦੱਸਿਆ ਕਿ ਸਾਡੀਆਂ ਧਾਰਮਿਕ ਤੇ ਸਮਾਜਿਕ ਪ੍ਰਸਥਿਤੀਆਂ, ਰੀਤੀ ਰਿਵਾਜ਼, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਇਸ ਦੇ ਮੁੱਖ ਕਾਰਨ ਹਨ। ਉਨਾਂ ਕਿਹਾ ਕਿ ਜਦੋਂ ਤੱਕ ਇਨਾਂ ਕਾਰਨਾਂ ਪ੍ਰਤੀ ਆਮ ਲੋਕਾਂ ਵਿੱਚ ਮਾਨਸਿਕ ਪੱਧਰ ਤੇ ਜਾਗਰੂਕਤਾ ਨਹੀਂ ਆਉਂਦੀ, ਉਦੋਂ ਤੱਕ ਇਸ ਵਿਕਰਾਲ ਸਮੱਸਿਆ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਆਖਿਆ ਕਿ ਹਰ ਸੈਕਿੰਡ ਵਿੱਚ ਦੁਨੀਆਂ ਅੰਦਰ ਦੋ ਨਵੇਂ ਮਨੁੱਖ ਪ੍ਰਵੇਸ਼ ਕਰ ਜਾਂਦੇ ਹਨ। ਨਤੀਜੇ ਵੱਜੋ ਖੁਰਾਕ, ਪਾਣੀ, ਤੇਲ, ਸ਼ੁੱਧ ਹਵਾ, ਭੀੜ ਭੜਕੇ, ਝਗੜੇ, ਯੁੱਧ ਆਦਿ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧਣ ਲੱਗੀਆਂ ਹਨ। ਇਸ ਲਈ ਪਰਿਵਾਰ ਨੂੰ ਨਿਯੋਜਿਤ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਜਨਸੰਖਿਆ ਸਥਿਰਤਾ ਪੱਖਵਾੜਾ ਜੋ ਕਿ ਅੱਜ ਤੋਂ 24 ਜੁਲਾਈ ਤੱਕ ਮਨਾਇਆ ਜਾਵੇਗਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਮਾਹਿਰ ਡਾਕਟਰਾਂ ਦੁਆਰਾ ਨਲਬੰਦੀ ਅਤੇ ਨਸਬੰਦੀ ਦੇ ਅਪ੍ਰਰੇਸ਼ਨ ਮੁਫਤ ਕੀਤੇ ਜਾਣਗੇ। ਉਨ੍ਹਾਂ ਵਿਦਿਆਰਥਣਾਂ ਨਾਲ ਪਰਿਵਾਰ ਨਿਯੋਜਨ ਦੇ ਕੱਚੇ ਤੇ ਪੱਕੇ ਵਸੀਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ ਭਾਗੀਦਾਰ ਵਿਦਿਆਰਥਣਾਂ ਨੂੰ ਸ਼ਲਾਘਾ ਪੁਰਸਕਾਰ ਦੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਰਿਫ੍ਰੈਸ਼ਮੈਂਟ ਵੀ ਵੰਡੀ ਗਈ। ਵਿਦਿਆਰਥਣਾਂ ਨੂੰ ਅਬਾਦੀ ਸਥਿਰਤਾ ਲਈ ਇੱਕ ਨਵੀਂ ਸੋਚ ਅੱਗੇ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਗਿਆ।