ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਆਮ ਜਨਤਾ ਦੀ ਹਿੱਸੇਦਾਰੀ ਵੀ ਜ਼ਰੂਰੀ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 5 ਜੁਲਾਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 8 ਵਿਚ ਡੋਰ-ਟੂ-ਡੋਰ ਜਾ ਕੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਰੱਖਣ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਜਨਤਾ ਦੀ ਹਿੱਸੇਦਾਰੀ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਵਿਸ਼ੇਸ਼ ਗੱਡੀਆਂ ਰੋਜਾਨਾ ਗਿੱਲਾ ਤੇ ਸੂਕਾ ਕੂੜਾ ਚੁੱਕ ਕੇ ਇਸ ਦਾ ਪ੍ਰਬੰਧਨ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਨੂੰ ਸਵੱਛ ਬਣਾਇਆ ਜਾ ਸਕੇ।
ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਸਵੱਛ ਭਾਰਤ ਮੁਹਿੰਮ ਤਹਿਤ ਵਾਰਡ ਨੰਬਰ 8 ਵਿਚ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰਨ ਦੀ ਮਹੱਤਤਾ ਬਾਰੇ ਵਿਚ ਦੱਸਿਆ ਅਤੇ ਨਗਰ ਨਿਗਮ ਦੀਆਂ ਕੂੜਾ ਸੈਗਰੀਗੇਸ਼ਨ ਵਾਲੀਆਂ ਗੱਡੀਆ ਦੀ ਕਾਰਜਪ੍ਰਣਾਲੀ ਵੀ ਦੇਖੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਨਗਰ ਨਿਗਮ ਨੂੰ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਇਸ ਪ੍ਰੋਜੈਕਟ ਸਬੰਧੀ ਅਤਿ-ਆਧੁਨਿਕ ਮਸ਼ੀਨਾਂ ਅਤੇ 23 ਟਾਟਾ ਏਸ ਪ੍ਰਦਾਨ ਕੀਤੇ ਹਨ, ਜਿਸ ਨਾਲ ਗਿੱਲੇ ਤੇ ਸੁੱਕੇ ਕੂੜੇ ਲਈ ਵੱਖ-ਵੱਖ ਚੈਂਬਰ ਬਣਾਏ ਗਏ ਹਨ।
ਇਸ ਦੌਰਾਨ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਉਨ੍ਹਾਂ ਵੱਲੋਂ ਇਸ ਨੂੰ ਵੱਖ-ਵੱਖ ਕੀਤਾ ਜਾ ਸਕੇ।
ਬ੍ਰਮ ਸ਼ੰਕਰ ਜਿੰਪਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੂੜਾ ਪਲਾਸਟਿਕ ਦੇ ਲਿਫਾਫਿਆਂ ਵਿਚ ਨਾ ਰੱਖਿਆ ਜਾਵੇ, ਬਲਕਿ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਲਗਾਏ ਜਾਣ। ਉਨ੍ਹਾਂ ਕਿਹਾ ਕਿ ਵਾਰਡਾਂ ਨੂੰ ਸਾਫ-ਸੁਥਰਾ ਬਣਾਉਣ ਲਈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜਨਤਾ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਵਾਰਡ ਦੀ ਨੁਹਾਰ ਬਦਲਣ ਲਈ ਪਲਾਸਟਿਕ ਦੇ ਲਿਫਾਫ਼ਿਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਕੂੜਾ ਸੈਗਨੀਗੇਟ ਕਰਕੇ ਰੱਖਿਆ ਜਾਵੇ, ਤਾਂ ਜੋ ਕੂੜਾ ਚੁੱਕਣ ਮੌਕੇ ਕੋਈ ਪ੍ਰੇਸ਼ਾਨੀ ਸਾਹਮਣੇ ਨਾ ਆਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋਈ ਵਸਤੂ ਰਾਹ ਚੱਲਦੇ ਸੜਕ ’ਤੇ ਨਾ ਸੁੱਟੀ ਜਾਵੇ, ਬਲਕਿ ਸੁਚਾਰੂ ਤਰੀਕੇ ਨਾਲ ਇਸ ਨੂੰ ਨਿਰਧਾਰਿਤ ਸਥਾਨ ’ਤੇ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਪੱਖੋਂ ਹੁਸ਼ਿਆਰਪੁਰ ਨੂੰ ਸਾਫ-ਸੁਥਰਾ ਬਣਾਉਣ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ, ਇਸ ਲਈ ਹਰ ਵਿਅਕਤੀ ਵਾਤਾਵਰਨ ਪ੍ਰੇਮੀ ਹੋਣ ਦਾ ਸਬੂਤ ਦੇਵੇ।
ਇਸ ਮੌਕੇ ਐਕਸੀਅਨ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਕੌਂਸਲਰ ਮੁਖੀ ਰਾਮ, ਜਸਪਾਲ ਚੇਚੀ, ਵਿਜੇ ਕੁਮਾਰ ਅਗਰਵਾਲ, ਜਸਵੰਤ ਰਾਏ, ਦ੍ਰਿਪਨ ਸੈਣੀ, ਬਲਵਿੰਦਰ ਕਤਨੀ, ਕਾਮਰੇਡ ਗੰਗਾ ਪ੍ਰਸਾਦ ਵੀ ਮੌਜੂਦ ਸਨ।