ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਮਨਾਇਆ ਅੰਤਰਰਾਸ਼ਟਰੀ ਦਿਵਸ
ਹੁਸ਼ਿਆਰਪੁਰ, 27 ਜੂਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਹਰਮਨਬੀਰ ਸਿੰਘ ਵੱਲੋਂ ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਹੈ।
ਇਸ ਸਬੰਧ ਵਿਚ ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਮੂਹ ਜੀ.ਓਜ਼ ਸਾਹਿਬਾਨ, ਮੁੱਖ ਅਫਸਰ ਥਾਣਾ, ਚੌਂਕੀ ਇੰਚਾਰਜਾਂ, ਸਾਂਝ ਕੇਂਦਰਾਂ ਵਿਖੇ ਤਾਇਨਾਤ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਥਾਣਾ ਪੱਧਰ ’ਤੇ 10 ਥਾਵਾਂ ਉਤੇ ਸੈਮੀਨਾਰ ਲਗਾ ਕੇ 800 ਦੇ ਕਰੀਬ ਵਿਅਕਤੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਅਤੇ ਨਸ਼ਾ ਕਰਨ ਦੇ ਆਦੀ 12 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਨਸ਼ਾ ਛਡਾਉਣ ਅਤੇ ਮੁੜ ਵਸੇਬੇ ਲਈ ਭੇਜਿਆ ਗਿਆ।
ਇਸ ਦੇ ਨਾਲ ਹੀ ਐਨ.ਡੀ.ਪੀ.ਐਸ ਐਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ 28 ਮੁਕੱਦਮਿਆਂ ਵਿਚ ਬਰਾਮਦਗੀ ਨੂੰ ਇਕੱਠਾ ਕਰਕੇ ਡੇਰਾ ਬੱਸੀ, ਥਾਣਾ ਡੇਰਾ ਬੱਸੀ, ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਨਸ਼ਟ ਕੀਤਾ ਗਿਆ, ਜਿਸ ਵਿਚ 796 ਗ੍ਰਾਮ ਨਸ਼ੀਲਾ ਪਾਊਡਰ, 1 ਕਿਲੋ 191 ਗ੍ਰਾਮ ਹੈਰੋਇਨ, 65 ਨਸ਼ੀਲੀਆਂ ਗੋਲੀਆਂ ਅਤੇ 9 ਟੀਕੇ ਸ਼ਾਮਿਲ ਸਨ।