ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ: ਡਾ ਅਨੀਤਾ ਕਟਾਰੀਆ
ਹੁਸ਼ਿਆਰਪੁਰ 27 ਜੂਨ 2024 : ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਸ਼ਵ ਅਬਾਦੀ ਦਿਵਸ ਮੁਹਿੰਮ ਸੰਬੰਧੀ ਇੱਕ ਮੀਟਿੰਗ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਦੀ ਪ੍ਰਧਾਨਗੀ ਹੇਠ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡਿਆ ਅਫਸਰ ਰਮਨਦੀਪ ਕੌਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਜਿਸ ਵਿੱਚ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਵੱਖ-ਵੱਖ ਬਲਾਕਾਂ ਤੋਂ ਸਮੂਹ ਬੀਈਈ ਸ਼ਾਮਿਲ ਹੋਏ। ਮੀਟਿੰਗ ਦੌਰਾਨ ਵਿਸ਼ਵ ਅਬਾਦੀ ਦਿਵਸ ਮੁਹਿੰਮ ਸੰਬੰਧੀ ਨਾਲ ਸੰਬੰਧਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਨੀਤਾ ਕਟਾਰੀਆ ਨੇ ਕਿਹਾ ਕਿ ਵਿਸਫੋਟਕ ਤਰੀਕੇ ਨਾਲ ਵੱਧਦੀ ਆਬਾਦੀ ਅੱਜ ਇੱਕ ਗੰਭੀਰ ਮਸਲਾ ਹੈ, ਜੋ ਕਿ ਹੋਰ ਵੀ ਕਈ ਸੱਮਸਿਆਵਾਂ ਨੂੰ ਜਨਮ ਦਿੰਦੀ ਹੈ। ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਬੀਈਈ ਨੂੰ ਕਿਹਾ ਕਿ ਸਮੂਹ ਫੀਲਡ ਸਟਾਫ਼ ਨੂੰ ਇਸ ਜਾਗਰੁਕਤਾ ਮੁਹਿੰਮ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਵਿੱਚ ਅੰਤਰ ਰਖੱਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਵਸੀਲਿਆਂ ਨੂੰ ਅਪਨਾਉਣ ਸਬੰਧੀ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਜਾਣ।
ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਨੇ ਕਿਹਾ ਕਿ ਪਹਿਲੇ ਤਿਆਰੀ ਪੜਾਅ ਵਿੱਚ ਕੀਤੀ ਯੋਜਨਾਬੰਦੀ ਅਨੁਸਾਰ 27 ਜੂਨ ਤੋਂ 10 ਜੁਲਾਈ ਤੱਕ ਮਨਾਏ ਜਾ ਰਹੇ ਸਮੁਦਾਇਕ ਜਾਗਰੂਕਤਾ ਪੰਦਰਵਾੜੇ ਵਿੱਚ ਗਤੀਵਿਧੀਆਂ ਕੀਤੀਆਂ ਜਾਣ। ਪਿੰਡ ਪੱਧਰ ਤੇ ਸਾਸ ਬਹੂ ਸੰਮੇਲਨ ਆਯੋਜਿਤ ਕੀਤੇ ਜਾਣ। ਸੋਸ਼ਲ ਮੀਡੀਆ ਰਾਹੀਂ ਤੇ ਹੋਰ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਅਤੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ ਤੀਜੇ ਪੜਾਅ ਵਿੱਚ 11 ਜੁਲਾਈ ਵਿਸ਼ਵ ਅਬਾਦੀ ਦਿਵਸ ਤੋਂ ਲੈ ਕੇ 24 ਜੁਲਾਈ ਤੱਕ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਨਲਬੰਦੀ ਜਾਂ ਨਸਬੰਦੀ ਅਪਣਾਉਣ ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਯੋਗ ਜੋੜਿਆਂ ਨੂੰ ਉਮਰ ਤੇ ਉਸਦੀ ਸਰੀਰਿਕ ਜਾਂਚ ਤੋਂ ਬਾਅਦ ਉਸਦੀ ਜਰੂਰਤ ਮੁਤਾਬਕ ਹੀ ਪਰਿਵਾਰ ਨਿਯੋਜਨ ਦੇ ਤਰੀਕਿਆਂ ਦੀ ਸਲਾਹ ਦਿੱਤੀ ਜਾਵੇ।