ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਦੀ ਆਰਥਿਕ ਹਾਲਤ ਹੋਵੇਗੀ ਮਜ਼ਬੂਤ: ਡਾ.ਇਸ਼ਾਂਕ ਕੁਮਾਰ


ਹੁਸ਼ਿਆਰਪੁਰ: ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਪੂਰਾ ਲਾਭ ਵਿਧਾਨ ਸਭਾ ਹਲਕਾ ਚੱਬੇਵਾਲ ਦੀਆਂ ਮਹਿਲਾਵਾਂ ਤੱਕ ਪਹੁੰਚੇ ਇਸ ਮੰਤਵ ਨਾਲ ਹਲਕੇ ਦੀਆਂ ਮਹਿਲਾਵਾਂ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਅਗਵਾਈ ਹੇਠ ਇਕ ਵੱਡੀ ਬੈਠਕ ਕੀਤੀ ਗਈ , ਜਿਸ ਵਿੱਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਹਲਕੇ ਵਿਚ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਮਹਿਲਾਵਾਂ ਤੋਂ ਇਲਾਵਾ ਡਾ. ਜਤਿੰਦਰ ਕੁਮਾਰ ਵੀ ਮੌਜੂਦ ਰਹੇ।
ਇਸ ਮੀਟਿੰਗ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਸੂਬੇ ਦੀ ਹਰ ਇੱਕ ਮਹਿਲਾ ਨੂੰ ਦਿੱਤਾ ਜਾ ਰਿਹਾ ਹੈ ਜਿਸ ਨਾਲ ਆਉਂਦੇ ਸਮੇਂ ਵਿੱਚ ਮਹਿਲਾਵਾਂ ਦੀ ਆਰਥਿਕ ਹਾਲਾਤ ਵਿੱਚ ਵੱਡਾ ਸੁਧਾਰ ਦੇਖਣ ਲਈ ਮਿਲੇਗਾ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਪ ਸਰਕਾਰ ਨੇ ਉਹ ਸਾਰੀਆਂ ਗਾਰੰਟੀਆਂ ਨੂੰ 4 ਸਾਲ ਦੇ ਸ਼ਾਸ਼ਨ ਵਿੱਚ ਲਾਗੂ ਕਰ ਦਿੱਤਾ ਹੈ ਜਿਨ੍ਹਾਂ ਪ੍ਰਤੀ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ।

ਉਹਨਾਂ ਕਿਹਾ ਕਿ ਇਸ ਸਕੀਮ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਤਹਿਤ ਮਿਲਣ ਵਾਲੀ ਰਕਮ ਸਿੱਧੀ ਮਹਿਲਾਵਾਂ ਦੇ ਖਾਤਿਆਂ ਵਿਚ ਪਾਈ ਜਾਵੇਗੀ | ਉਹਨਾਂ ਅਪੀਲ ਕੀਤੀ ਕਿ ਸਾਰੀਆਂ ਮਹਿਲਾਵਾਂ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਬੈਂਕ ਖਾਤੇ ਜ਼ਰੂਰ ਖੁਲਵਾਉਣ ਅਤੇ ਦਲਿਤ ਮਹਿਲਾਵਾਂ ਆਪਣਾ ਐੱਸ ਸੀ ਸਰਟੀਫਿਕੇਟ ਜ਼ਰੂਰ ਬਣਵਾਉਣ ਜਿਸ ਦੇ ਲਈ ਉਹਨਾਂ ਦੇ ਚੱਬੇਵਾਲ ਦਫਤਰ ਵੀ ਖਾਸ ਤੌਰ ‘ਤੇ ਕੈਂਪ ਲਗਾ ਕੇ ਇਹ ਸੁਵਿਧਾ ਮਹਿਲਾਵਾਂ ਨੂੰ ਉਪਲਬਧ ਕਾਰਵਾਈ ਜਾ ਰਹੀ ਹੈ |
ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ 4 ਸਾਲ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਹਨ ਅਤੇ ਇਨ੍ਹਾਂ ਸਾਲਾਂ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਫ੍ਰੀ ਬੱਸ ਸਫਰ ਦੀ ਸਹੂਲਤ, 600 ਯੂਨਿਟ ਤੱਕ ਘਰਾਂ ਲਈ ਫ੍ਰੀ ਬਿਜਲੀ, 10 ਲੱਖ ਰੁਪਏ ਦੀ ਸੇਹਤ ਬੀਮਾ ਯੋਜਨਾ ਅਤੇ ਹੁਣ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਨੂੰ ਲਾਗੂ ਕਰਕੇ ਆਪ ਸਰਕਾਰ ਨੇ ਇਹ ਦਰਸਾ ਦਿੱਤਾ ਹੈ ਕਿ ਜੇਕਰ ਕੰਮ ਕਰਨ ਦੀ ਚਾਹਤ ਹੋਵੇ ਤਾਂ ਫਿਰ ਕੁਝ ਵੀ ਮੁਮਕਿਨ ਹੈ।

ਹਲਕਾ ਮਹਿਲਾ ਵਿੰਗ ਕੋਆਰਡੀਨੇਟਰ ਸੁਮਨਦੀਪ ਕੌਰ ਨੇ ਇਸ ਮੌਕੇ ‘ਤੇ ਮੁਖ ਮੰਤਰੀ ਭਗਵੰਤ ਮਾਨ , ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਅਤੇ ਵਿਧਾਇਕ ਡਾ . ਇਸ਼ਾਂਕ ਕੁਮਾਰ ਦਾ ਸਮੂਹ ਮਹਿਲਾਵਾਂ ਵਲੋਂ ਧੰਨਵਾਦ ਕੀਤਾ ਕਿ ਉਹ ਘਰ-ਗ੍ਰਿਹਸਥੀ ਸੰਭਾਲ ਰਹੀਆਂ ਮਹਿਲਾਵਾਂ ਪ੍ਰਤੀ ਵੀ ਅਗਾਂਹ ਵਧੂ ਸੋਚ ਰੱਖਦੇ ਹੋਏ ਉਹਨਾਂ ਦੇ ਖਾਤਿਆਂ ਵਿਚ 1000-1500 ਦੀ ਰਕਮ ਦੇ ਕੇ ਉਹਨਾਂ ਨੂੰ ਆਰਥਿਕ ਰੂਪ ਵਿਚ ਵੀ ਮਜ਼ਬੂਤੀ ਦੇ ਰਹੇ ਹਨ |

ਇਸ ਬੈਠਕ ਵਿਚ ਹਲਕੇ ਦੀਆਂ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ। ਡਾ ਇਸ਼ਾਂਕ ਨੇ ਹਰ ਪਹੁੰਚੇ ਹੋਏ ਵਿਅਕਤੀ ਦਾ ਧੰਨਵਾਦ ਕੀਤਾ ਅਤੇ ਡਾ ਰਾਜ ਕੁਮਾਰ ਲੋਕ ਸਭਾ ਮੈਂਬਰ ਅਤੇ ਡਾ ਜਤਿੰਦਰ ਦਾ ਵੀ ਖਾਸ ਧੰਨਵਾਦ ਕੀਤਾ।



