ਦਸਤ ਰੋਕੋ ਮੁਹਿੰਮ ਸੰਬੰਧੀ ਜਿਲਾ ਟਾਸਕ ਫੋਰਸ ਦੀ ਮੀਟਿੰਗ
ਹੁਸ਼ਿਆਰਪੁਰ 26 ਜੂਨ 2024: ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ ਦਸਤ ਰੋਕੋ ਮੁਹਿੰਮ ਸਬੰਧੀ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਏਡੀਸੀ ਸ਼੍ਰੀ ਰਾਹੁਲ ਚਾਬਾ (ਆਈਏਐਸ) ਜੀ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ, ਜ਼ਿਲਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਵੱਖ ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਤੇ ਮੈਡੀਕਲ ਅਫਸਰ, ਜਿਲਾ ਪ੍ਰੋਗਰਾਮ ਮੈਨੇਜਰ, ਮਾਸ ਮੀਡੀਆ ਵਿੰਗ, ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਦਾ ਅਗਾਜ਼ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਦਸਤ ਰੋਕੋ ਮੁਹਿੰਮ ਦਾ ਪਹਿਲਾ ਪੜਾਅ 14 ਜੂਨ ਤੋਂ 30 ਜੂਨ ਤੱਕ ਤਿਆਰੀ ਪੜਾਅ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜ ਸਾਲ ਤੱਕ ਦੇ ਹਰ ਬੱਚੇ ਨੂੰ ਦੇਣ ਲਈ ਦੋ ਓ.ਆਰ.ਐਸ ਦੇ ਪੈਕੇਟ ਅਤੇ ਜਿੰਕ ਦੀਆਂ 14 ਗੋਲੀਆਂ ਸੰਸਥਾਗਤ ਪੱਧਰ ਤੇ ਮੁਹਈਆ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਦੂਜੇ ਮੁੱਖ ਪੜਾਅ ਵਿੱਚ ਦਸਤ ਰੋਕੋ ਮੁਹਿੰਮ ਇਸ ਵਾਰ ਦੋ ਮਹੀਨੇ 1 ਜੁਲਾਈ ਤੋੰ 31 ਅਗਸਤ ਤੱਕ ਮਨਾਈ ਜਾਵੇਗੀ। ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਆਸ਼ਾ ਜਾਂ ਆਂਗਨਵਾੜੀ ਵਰਕਰਾਂ ਰਾਹੀਂ ਓ.ਆਰ.ਐਸ ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਹਰ ਪੰਜ ਸਾਲ ਤੱਕ ਦੇ ਬੱਚਿਆਂ ਦੇ ਘਰਾਂ ਵਿੱਚ ਜਾ ਕੇ ਵੰਡੀਆਂ ਜਾਣਗੀਆਂ। ਸਾਰੀਆਂ ਸਿਹਤ ਸੰਸਥਾਵਾਂ, ਆਂਗਨਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਹੱਥ ਧੋਣ ਦੇ ਵਿਗਿਆਨਕ ਢੰਗ ਬਾਰੇ ਡੈਮੋਸਟ੍ਰੇਸ਼ਨ ਦਿੱਤੀ ਜਾਵੇਗੀ ਕਿਉੰਕਿ ਹੱਥਾਂ ਦੀ ਸਫਾਈ ਨਾਲ ਹੀ ਡਾਇਰੀਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਐਸਡੀਐਮ ਸ੍ਰੀ ਰਾਹੁਲ ਚਾਬਾ ਵੱਲੋਂ ਸਮੂਹ ਐਮਐਮਓ ਨੂੰ ਇਸ ਮੁਹਿੰਮ ਦੀ ਹਰ ਗਤੀਵਿਧੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕਰਦਿਆਂ ਕਿਹਾ ਗਿਆ ਕਿ ਇਸ ਮੁਹਿੰਮ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਘਰ ਵਿੱਚ ਠੀਕ ਹੋਣ ਵਾਲੇ ਦਸਤ ਦੀ ਸਥਿਤੀ ਅਤੇ ਗੰਭੀਰ ਸਥਿਤੀ ਵਿੱਚ ਹਸਪਤਾਲ ਲਿਜਾਣ ਬਾਰੇ ਵੀ ਜਰੂਰ ਜਾਗਰੂਕ ਕੀਤਾ ਜਾਵੇ ਤਾਂ ਜੋ ਡਾਇਰੀਆ ਕਾਰਣ ਪੈਦਾ ਹੋਣ ਵਾਲੀ ਗੰਭੀਰ ਸਥਿਤੀ ਨੂੰ ਰੋਕਿਆ ਜਾ ਸਕੇ। ਉਹਨਾਂ ਵੱਖ ਵੱਖ ਵਿਭਾਗਾਂ ਨੂੰ ਵੀ ਇਸ ਮੁਹਿੰਮ ਵਿੱਚ ਪੂਰਣ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ।