ਮਮਤਾ ਦਿਵਸ ਤੇ ਕੀਤੇ ਗਏ ਟੀਕਾਕਰਨ ਨੂੰ ਨਾਲ ਹੀ ਯੂ ਵਿਨ ਐਪ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ: ਡਾ ਸੀਮਾ ਗਰਗ
ਹੁਸ਼ਿਆਰਪੁਰ, 26 ਜੂਨ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਧਿਕਾਰੀ ਡਾ ਸੀਮਾ ਗਰਗ ਵਲੋਂ ਅੱਜ ਵੱਖ ਵੱਖ ਸਿਹਤ ਕੇਂਦਰਾਂ ਵਿਚ ਮਨਾਏ ਗਏ ਮਮਤਾ ਦਿਵਸ ਦਾ ਜਾਇਜ਼ਾ ਲਿਆ ਗਿਆ।
ਇਸ ਦੇ ਤਹਿਤ ਉਹਨਾਂ ਨੇ ਅੱਜ ਸਿਹਤ ਕੇਂਦਰ ਗੜ੍ਹਦੀਵਾਲਾ ਵਿਖੇ ਲਗਾਏ ਗਏ ਟੀਕਾਕਰਨ ਸੈਸ਼ਨ ਦਾ ਨਰੀਖਣ ਕੀਤਾ। ਉਹਨਾਂ ਨੇ ਬੱਚਿਆਂ ਨੂੰ ਲਗਾਈ ਜਾਣ ਵਾਲੀ ਵੈਕਸੀਨ , ਉਸ ਦੀ ਐਕਸਪਾਇਰੀ ਡੇਟ ਅਤੇ ਕੋਲਡ ਚੇਨ ਨੂੰ ਵਿਸ਼ੇਸ਼ ਤੌਰ ਤੇ ਜਾਂਚਿਆ ਤੇ ਸਭ ਕੁੱਝ ਸਹੀ ਪਾਇਆ ਗਿਆ।
ਉਹਨਾਂ ਏ ਈ ਐੱਫ ਆਈ ਕਿੱਟ ਦਾ ਵਿਸ਼ੇਸ਼ ਤੌਰ ਤੇ ਨਰੀਖਣ ਕੀਤਾ ਅਤੇ ਸਾਰੇ ਕੰਮ ਤੇ ਤਸੱਲੀ ਪ੍ਰਗਟਾਈ ।ਉਹਨਾਂ ਉਥੇ ਹਾਜ਼ਰ ਬੱਚਿਆਂ ਦੇ ਐਮ ਸੀ ਪੀ ਕਾਰਡ ਵੀ ਦੇਖੇ ਅਤੇ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਦਿਆਂ ਉਹਨਾਂ ਤੋਂ ਬੱਚਿਆਂ ਦੇ ਲਗਾਏ ਜਾਣ ਵਾਲੇ ਟੀਕਿਆਂ ਸੰਬੰਧੀ ਜਾਣਕਾਰੀ ਲਈ। ਉਹਨਾਂ ਨੇ ਕਿਹਾ ਕਿਸੇ ਵੀ ਬੱਚੇ ਦੇ ਅਗਰ ਬੁਖਾਰ ਨਾਲ ਦਾਣੇ ਨਿਕਲਦੇ ਹਨ ਤਾਂ ਜਲਦ ਤੋ ਜਲਦ ਆਸ਼ਾ ਜਾਂ ਏ ਐਨ ਐਮ ਨਾਲ ਸੰਪਰਕ ਕੀਤਾ ਜਾਵੇ।
ਤਾਂ ਜੋ ਬੱਚੇ ਦਾ ਸੈਂਪਲ ਲੈ ਕੇ ਮੀਜ਼ਲ ਰੁਬੇਲਾ ਹੋਣ ਦੇ ਖ਼ਤਰੇ ਨੂੰ ਪਹਿਚਾਣ ਕੇ ਉਸ ਦਾ ਸਹੀ ਸਮੇਂ ਤੇ ਇਲਾਜ਼ ਕੀਤਾ ਜਾ ਸਕੇ। ਉਹਨਾਂ ਏ ਐਨ ਐਮ ਨੂੰ ਹਿਦਾਇਤ ਕਰਦਿਆਂ ਕਿਹਾ ਲਗਾਏ ਗਏ ਟੀਕਿਆਂ ਨੂੰ ਨਾਲ ਦੇ ਨਾਲ ਹੀ ਯੂ ਵਿਨ ਐਪ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ।