ਦਫ਼ਤਰ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ
ਹੁਸ਼ਿਆਰਪੁਰ, 25 ਜੂਨ: ਡਾੲਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਕੁਲਤਾਰ ਸਿੰਘ ਕੁਲਤਾਰ ਅਤੇ ਜਸਬੀਰ ਸਿੰਘ ਧੀਮਾਨ ਨੇ ਕੀਤੀ।
ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਆਏ ਮਹਿਮਾਨਾਂ, ਵਿਦਵਾਨਾਂ ਅਤੇ ਕਵੀਆਂ ਦਾ ਸਵਾਗਤ ਕਰਦੇ ਹੋਏ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਕਵੀ ਦਰਬਾਰ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਉੱਘੇ ਸਾਹਿਤਕਾਰ ਸੁਰਜੀਤ ਪਾਤਰ, ਮੋਹਨਜੀਤ ਅਤੇ ਸੁਖਜੀਤ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।ਉਸ ਤੋਂ ਬਾਅਦ ਹਾਜ਼ਰ ਕਵੀਆਂ ਡਾ. ਸ਼ਮਸ਼ੇਰ ਮੋਹੀ, ਕੁਲਤਾਰ ਸਿੰਘ ਕੁਲਤਾਰ, ਜਸਬੀਰ ਧੀਮਾਨ, ਪੰਮੀ ਦਿਵੇਦੀ, ਅੰਜੂ ਵ. ਰੱਤੀ, ਕੁੰਦਨ ਲਾਲ ਭੱਟੀ, ਤੀਰਥ ਚੰਦ ਸਰੋਆ, ਰੈਪੀ ਰਾਜੀਵ, ਰਮਣੀਕ ਸਿੰਘ, ਅਜੇ ਕੁਮਾਰ, ਪਰਮਜੀਤ ਸਿੰਘ, ਰਵੀ ਸਿੰਘ ਬਠਿੰਡਾ, ਦਵਿੰਦਰ ਸਿੰਘ ਨੇ ਆਪਣੀ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਨੂੰ ਤਰੱਨੁਮ ’ਚ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਡਾ. ਹਰਪ੍ਰੀਤ ਸਿੰਘ ਨੇ ਪੇਸ਼ ਰਚਨਾਵਾਂ ’ਤੇ ਆਪਣੀ ਟਿੱਪਣੀਆਂ ਦਿੰਦਿਆਂ ਸਮਕਾਲੀ ਕਵਿਤਾ ਦੇ ਬਾਰੇ ਭਾਵਪੂਰਨ ਬਿਰਤਾਂਤ ਵਿਸਤਾਰ ਵਿੱਚ ਸਾਂਝੇ ਕੀਤੇ।ਨਵੀਆਂ ਕਲਮਾਂ ਲਈ ਸਿਖਣ ਵਾਲਾ ਮਾਹੌਲ ਬਣਾਉਂਦਿਆਂ ਉਨ੍ਹਾਂ ਇਤਿਹਾਸਕ ਘਟਨਾਵਾਂ ਨੂੰ ਕਿਵੇਂ ਕਲਾਸਿਕ ਤਰੀਕੇ ਰਾਹੀਂ ਰਚਨਾਵਾਂ ਦਾ ਹਿੱਸਾ ਬਣਾਉਣਾ ਹੈ ਬਾਰੇ ਕਈ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਕਹਾਣੀਕਾਰ ਹਰਭਜਨ ਸਿੰਘ ਕਠਾਰਵੀਂ ਦੇ ਕਹਾਣੀ ਸੰਗ੍ਰਹਿ ‘ਡੁਬਦੇ ਸੂਰਜ ਦਾ ਅਕਸ’, ਅੰਜੂ ਵ. ਰੱਤੀ ਦਾ ਬਾਲ ਕਾਵਿ ਸੰਗ੍ਰਹਿ ‘ਸੇਧ ਨਿਸ਼ਾਨੇ’ਅਤੇ ਰੈਪੀ ਰਾਜੀਵ ਦਾ ਕਾਵਿ ਸੰਗ੍ਰਹਿ ‘ਯਾਦਾਂ ਜੇ ਨਾ ਹੁੰਦੀਆਂ ਲੋਕ ਅਰਪਣ ਕੀਤੀਆਂ ਗਈਆਂ।ਮੁਖ ਮਹਿਮਾਨਾਂ, ਵਿਦਵਾਨਾਂ ਅਤੇ ਕਵੀਆਂ ਦਾ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼, ਕਿਤਾਬਾਂ ਦੇ ਸੈਟ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ, ਲਵਪ੍ਰੀਤ, ਲਾਲ ਸਿੰਘ, ਪੁਸ਼ਪਾ ਰਾਣੀ, ਪ੍ਰਭਦੀਪ ਸਿੰਘ, ਗੁਰਪ੍ਰੀਤ ਸਿੰਘ ਮਾਨਸਾ, ਵਰਿੰਦਰ ਕੁਮਾਰ ਰੱਤੀ, ਰੌਬਿਨ, ਅਮਨਦੀਪ ਸਿੰਘ ਹਾਜ਼ਰ ਸਨ।ਇਸ ਦੌਰਾਨ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ।