ਉੱਚੇ ਜ਼ੋਖ਼ਿਮ ਵਾਲੀਆਂ ਗਰਭਵਤੀ ਔਰਤਾਂ ਦੀ ਦੇਖਭਾਲ ਲਈ ਆਯੋਜਿਤ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ : ਡਾ ਅਨੀਤਾ ਕਟਾਰੀਆ

ਹੁਸ਼ਿਆਰਪੁਰ 24 ਜੂਨ 2024:
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਆਯੋਜਿਤ ਕੀਤਾ ਗਿਆ।


ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿੱਤਵ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਸਰਕਾਰੀ ਛੁੱਟੀ ਆ ਜਾਣ ਤੇ ਇਹ ਦਿਵਸ ਅਗਲੇ ਵਰਕਿੰਗ ਡੇ ਨੂੰ ਮਨਾਇਆ ਜਾਂਦਾ ਹੈ। ਪੀ.ਐਮ.ਐਸ.ਐਮ.ਏ ਵਾਲੇ ਦਿਨ ਸਿਹਤ ਸੰਸਥਾਵਾਂ ਤੇ ਜਣੇਪਾ ਪੂਰਵ ਦੇਖਭਾਲ ਸੇਵਾਵਾਂ, ਜਰੂਰੀ ਟੈਸਟ ਅਤੇ ਇਲਾਜ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ। ਅੱਜ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਪੀ.ਐਚ.ਸੀਜ਼, ਸੀ.ਐਚ.ਸੀਜ਼, ਸਬ-ਡਵਿਜ਼ਨਲ ਹਸਪਤਾਲਾਂ ਅਤੇ ਜਿਲ੍ਹਾ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਆਯੋਜਿਤ ਕੀਤੇ ਗਏ ਜਿੱਥੇ ਔਰਤ ਰੋਗਾਂ ਦੇ ਮਾਹਰ, ਮੈਡੀਕਲ ਸ਼ਪੈਸਲਿਸਟ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਵੱਲੋਂ ਏ.ਐਨ.ਸੀ. ਸੇਵਾਵਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਖਾਸ ਕਰਕੇ ਹਾਈ ਰਿਸਕ ਗਰਭਵਤੀ ਔਰਤਾਂ ਤੱਕ ਪਹੁੰਚ ਕਰਨਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਕਿਹਾ ਕਿ ਇਸ ਦਿਨ ਆਸ਼ਾ ਅਤੇ ਏਐਨਐਮ ਦੁਆਰਾ ਲਾਈਨ ਲਿਸਟ ਕੀਤੀਆਂ ਉੱਚ ਜ਼ੋਖਿਮ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਨ ਕਰਕੇ ਉਹਨਾਂ ਲਈ ਇਲਾਜ ਸੁਵਿਧਾਵਾਂ ਅਤੇ ਉਚਿਤ ਜਨਮ ਯੋਜਨਾ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਵਿਸ਼ੇਸ਼ ਦੇਖਭਾਲ ਦੀ ਜਰੂਰਤ ਹੁੰਦੀ ਹੈ। ਹਾਈ ਰਿਸਕ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਕੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਇਸ ਦਿਵਸ ਤੇ ਜਣੇਪਾ ਪੂਰਵ ਅਤੇ ਜਣੇਪੇ ਉਪਰੰਤ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਸੇਵਾਵਾਂ ਸੰਬੰਧੀ ਮਾਵਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਇਸ ਅਭਿਆਨ ਦਾ ਪੂਰੀ ਤਰਾਂ ਫਾਇਦਾ ਚੁੱਕਣ ਅਤੇ ਸਵਸਥ ਬੱਚੇ ਨੂੰ ਜਨਮ ਦੇ ਕੇ ਖੁਦ ਵੀ ਸਿਹਤਮੰਦ ਰਹਿਣ।