ਸ਼ਿਵਪੁਰੀ ਸ਼ਮਸ਼ਾਨ ਘਾਟ ‘ਚ ਹੋਇਆ ਹਿੰਮਤ ਰਾਏ ਦਾ ਅੰਤਿਮ ਸੰਸਕਾਰ
ਹੁਸ਼ਿਆਰਪੁਰ, 17 ਜੂਨ ( ਤਰਸੇਮ ਦੀਵਾਨਾ ): ਬੀਤੇ ਦਿਨੀਂ ਕੁਵੈਤ ਵਿਚ ਇਮਾਰਤ ‘ਚ ਅੱਗ ਲੱਗਣ ਦੀ ਘਟਨਾ ਵਿਚ ਮਾਰੇ ਗਏ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਦੇ ਵਾਸੀ ਹਿੰਮਤ ਰਾਏ ਦਾ ਅੱਜ ਹਰਿਆਣਾ ਰੋਡ ‘ਤੇ ਸਥਿਤ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਅਰਸ਼ਦੀਪ ਸਿੰਘ ਵੱਲੋਂ ਦਿਖਾਈ ਗਈ।
ਇਸ ਮੌਕੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ, ਬੇਟੀਆਂ ਹਰਪ੍ਰੀਤ ਕੌਰ ਤੇ ਸਮੁਨਪ੍ਰੀਤ ਕੌਰ ਤੋਂ ਇਲਾਵਾ ਵਿਧਾਇਕ ਸ਼ਾਮ ਚੁਰਾਸੀ ਡਾ. ਰਵਜੋਤ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਗੁਰਸੇਵਕ ਚੰਦ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਸੇਵਾਮੁਕਤ ਡੀ.ਐਸ.ਪੀ ਸਵਰਨ ਸਿੰਘ, ਪਰਸ ਰਾਮ ਅਤੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਇਲਾਕਾ ਵਾਸੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਵੈਤ ਵਿਚ ਇਕ ਇਮਾਰਤ ਨੂੰ ਅੱਗ ਲੱਗਣ ਕਾਰਨ 40 ਭਾਰਤੀਆਂ ਸਮੇਤ 45 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੰਮਤ ਰਾਏ ਵੀ ਸ਼ਾਮਿਲ ਸੀ। ਕੇਂਦਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਹਿੰਮਤ ਰਾਏ ਦੀ ਮਿ੍ਤਕ ਦੇਹ ਬੀਤੇ ਸ਼ਨੀਵਾਰ ਤੜਕੇ ਇਥੇ ਪਹੁੰਚ ਗਈ ਸੀ, ਪਰੰਤੂ ਕੁਝ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਵਿਚੋਂ ਆਉਣ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸਵਰਗੀ ਹਿੰਮਤ ਰਾਏ ਦੇ ਭਾਣਜੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ ਪਿੰਡ ਕੱਕੋਂ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ 24 ਜੂਨ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ।