ਦਿ ਵਰਕਿੰਗ ਰਿਪੋਰਟਜ਼ ਐਸੋਸ਼ੀਏਸ਼ਨ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਹਾਦਸੇ ਚ ਮਾਰੇ ਗਏ ਪੱਤਰਕਾਰ ਦੇ ਪਰਿਵਾਰ ਲਈ ਮੁਆਵਜ਼ਾ ਰਾਸ਼ੀ ਤੇ ਨੌਕਰੀ ਦੀ ਕੀਤੀ ਮੰਗ
ਹੁਸ਼ਿਆਰਪੁਰ: ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਦਾ ਇੱਕ ਵਫਦ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਏਡੀਸੀ ਰਾਹੁਲ ਚਾਬਾ ਨੂੰ ਮਿਲਿਆ ਅਤੇ ਮੁਖੱ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲਈ ਮੰਗ ਪੱਤਰ ਦਿੱਤਾ ਜਿਸ ਵਿੱਚ ਇੰਡੀਆ ਨਿਊਜ਼ ਦੇ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਜ਼ੋਰਦਾਰ ਮੰਗ ਕੀਤੀ ਗਈ |
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਮੰਗ ਪੱਤਰ ਨੂੰ ਯੋਗ ਪ੍ਰਣਾਲੀ ਰਾਹੀਂ ਮੁੱਖ ਮੰਤਰੀ ਤੱਕ ਜਰੂਰ ਭੇਜਿਆ ਜਾਵੇਗਾ | ਇਸ ਮੌਕੇ ਜੋਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਸੀਨੀਅਰ ਮੀਤ ਪ੍ਰਧਾਨ ਅਸ਼ਵਿਨ ਸ਼ਰਮਾ, ਹਰਪਾਲ ਲਾਡਾ, ਅਮਰਜੀਤ ਭੱਟੀ ਅਤੇ ਹੋਰ ਪੱਤਰਕਾਰ ਸਾਥੀ ਹਾਜ਼ਰ ਸਨ|
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਭੰਡਾਰੀ 5 ਜੂਨ 2024 ਨੂੰ ਕਵਰੇਜ ਕਰਨ ਲਈ ਗਿਆ ਤਾਂ ਐੱਨ ਉਸ ਵਕਤ ਬੜੇ ਜੋਰ ਨਾਲ ਚੱਲੀ ਹਨੇਰੀ ਕਾਰਣ ਨਗਰ ਨਿਗਮ ਦਾ ਇੱਕ ਖੰਬਾ ਡਿੱਗ ਕੇ ਉਸ ਦੇ ਸਿਰ ਵਿੱਚ ਵੱਜਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਕਾਰਨ ਪਿੱਛੇ ਰਹਿ ਗਏ ਪਤਨੀ ਸਮੇਤ ਤਿੰਨ ਛੋਟੇ ਬੱਚਿਆਂ ਦਾ ਗੁਜਾਰਾ ਆਉਣ ਵਾਲੇ ਸਮੇਂ ਵਿੱਚ ਅਤਿ ਮੁਸ਼ਕਿਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਪੱਤਰਕਾਰ ਬਿਨਾਂ ਕਿਸੇ ਤਨਖਾਹ, ਬਿਨਾਂ ਭਿੰਨਭੇਦ ਦੇ ਸਮਾਜ ਅਤੇ ਸਰਕਾਰ ਦੀ ਨਿਸ਼ਕਾਮ ਸੇਵਾ ਕਰਦਾ ਹੈ ਜਿਸ ਕਰਕੇ ਪੱਤਰਕਾਰ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਇਸ ਲਈ ਜੱਥੇਬੰਦੀ ਮੰਗ ਕਰਦੀ ਹੈ ਕਿ ਅਵਿਨਾਸ਼ ਕੰਬੋਜ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਕਿ ਸਾਰੇ ਰਜਿਸਟਰਡ ਚੈਨਲਾਂ, ਵੈਬ ਚੈਨਲਾਂ, ਅਖਬਾਰਾਂ ਤੇ ਵੈਬ ਪੋਰਟਲਾਂ ਦੇ ਸਮੂਹ ਪੱਤਰਕਾਰਾਂ ਨੂੰ ਸਰਕਾਰੀ ਪੱਧਰ ਤੇ ਪੰਜ ਲੱਖ ਤੱਕ ਦੀ ਮੈਡੀਕਲ ਇੰਸ਼ੋਰੈਂਸ ਅਤੇ ਇਕ ਕਰੋੜ ਤੱਕ ਦੀ ਐਕਸੀਡੈਂਟਲ ਇਨਸ਼ੋਰੈਂਸ ਦੀ ਸਹੂਲਤ ਦਿੱਤੀ ਜਾਵੇ ਤੇ ਇਸ ਵੇਲੇ ਸਰਕਾਰ ਵੱਲੋਂ ਪੀਲੇ ਕਾਰਡ ਦੀ ਲਾਈ ਹੋਈ ਸ਼ਰਤ ਹਟਾਈ ਜਾਵੇ |
ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਮੰਗ ਪੱਤਰ ਪਹਿਲਾਂ ਹੀ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾ ਚੁੱਕੇ ਹਨ ਜਿਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਇੱਥੇ ਇਹ ਵੀ ਦਸਣਾ ਜਰੂਰੀ ਹੈ ਕਿ ਇੱਕ ਪੱਤਰਕਾਰ ਸਮਾਜ ਅਤੇ ਸਰਕਾਰ ਦੇ ਨਰੋਏ ਪਣ ਲਈ ਸਦਾ ਹੀ ਹਰ ਔਖੇ ਸਮੇਂ ਵਿੱਚ ਆਪਣੀ ਜਾਣ ਦੀ ਪਰਵਾਹ ਨਾ ਕੀਤੇ ਬਿਨਾਂ ਵੀ ਹਰ ਸਚਾਈ ਨੂੰ ਉਜਾਗਰ ਕਰਦਾ ਹੈ |