ਹੁਸ਼ਿਆਰਪੁਰ ਨੇ ਕਪੂਰਥਲਾ ਨੂੰ ਹਰਾ ਕੇ ਅੰਡਰ-19 ਕ੍ਰਿਕਟ ‘ਚ ਲਗਾਤਾਰ ਦੂਜੀ ਜਿੱਤ ਹਾਸਿਲ ਕੀਤੀ : ਡਾ: ਰਮਨ ਘਈ
ਹੁਸ਼ਿਆਰਪੁਰ 5 ਜੂਨ (ਤਰਸੇਮ ਦੀਵਾਨਾ): ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ-19 ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ ਆਊਟ-ਰਾਈਟ ਦੇ ਆਧਾਰ ’ਤੇ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਕਪੂਰਥਲਾ ਦੀ ਟੀਮ ਨੂੰ 142 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਵਿੱਚ ਰਵਜੋਤ ਸਿੰਘ ਨੇ 55 ਦੌੜਾਂ ਅਤੇ ਸੁਭੀਨ ਮਹਾਜਨ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਲਈ ਗੇਂਦਬਾਜ਼ੀ ਕਰਦੇ ਹੋਏ ਕਪਤਾਨ ਹਰੇਲ ਵਸ਼ਿਸ਼ਟ ਨੇ 7 ਵਿਕਟਾਂ, ਰਿਸ਼ਵ ਕੁਮਾਰ ਅਤੇ ਆਰੀਅਨ ਅਰੋੜਾ ਨੇ 1-1 ਵਿਕਟ ਲਈ। ਹੁਸ਼ਿਆਰਪੁਰ ਦੀ ਟੀਮ ਨੇ ਪਹਿਲੀ ਪਾਰੀ ਵਿੱਚ 134 ਦੌੜਾਂ ਬਣਾਈਆਂ। ਜਿਸ ਵਿੱਚ ਅਗਮਪ੍ਰੀਤ ਨੇ 18, ਹਰਲ ਵਸ਼ਿਸ਼ਟ ਨੇ 16, ਜਸਕਰਨ ਨੇ 15 ਦੌੜਾਂ ਅਤੇ ਕ੍ਰਿਸ਼ਨਾ ਵਾਲੀਆ ਨੇ 14 ਦੌੜਾਂ ਦਾ ਯੋਗਦਾਨ ਪਾਇਆ।
ਕਪੂਰਥਲਾ ਲਈ ਗੇਂਦਬਾਜ਼ੀ ਕਰਦੇ ਹੋਏ ਵੰਸ਼ ਕੁਮਾਰ ਜੋਸ਼ੀ ਨੇ ਪਹਿਲੀ ਪਾਰੀ ‘ਚ 8 ਵਿਕਟਾਂ ਲਈਆਂ। ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ ਦੂਜੀ ਪਾਰੀ ਵਿੱਚ 81 ਦੌੜਾਂ ’ਤੇ ਢੇਰ ਕਰ ਦਿੱਤਾ। ਜਿਸ ਵਿੱਚ ਯੁਵਰਾਜ ਸਿੰਘ ਰਗਬੋਤਰਾ ਨੇ 22 ਦੌੜਾਂ ਅਤੇ ਰਵਜੋਤ ਸਿੰਘ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਲਈ ਦੂਜੀ ਪਾਰੀ ਵਿੱਚ ਗੇਂਦਬਾਜ਼ੀ ਕਰਦੇ ਹੋਏ ਹਰਸ਼ਿਤ ਨੰਦਾ ਨੇ 6 ਅਤੇ ਹਰਲ ਵਸ਼ਿਸ਼ਟ ਨੇ 4 ਵਿਕਟਾਂ ਲਈਆਂ। ਦੂਜੀ ਪਾਰੀ ਵਿੱਚ 90 ਦੌੜਾਂ ਦਾ ਟੀਚਾ ਰੱਖਣ ਵਾਲੀ ਹੁਸ਼ਿਆਰਪੁਰ ਦੀ ਟੀਮ ਨੇ ਇਹ ਮੈਚ 1 ਵਿਕਟ ਨਾਲ ਜਿੱਤ ਲਿਆ। ਜਿਸ ਵਿੱਚ ਅਸ਼ਵੀਰ ਸਿੰਘ ਨੇ 32, ਅਗਮਪ੍ਰੀਤ ਨੇ 26, ਉਪਲਕਸ਼ ਰਾਠੌਰ ਨੇ 10 ਅਤੇ ਰਿਸ਼ਵ ਕੁਮਾਰ ਨੇ 4 ਦੌੜਾਂ ਬਣਾਈਆਂ।
ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਖ਼ਿਲਾਫ਼ ਦੋ ਰੋਜ਼ਾ ਅੰਡਰ-19 ਕ੍ਰਿਕਟ ਟੂਰਨਾਮੈਂਟ ਵਿੱਚ ਆਊਟ-ਰਾਈਟ ਜਿੱਤ ਦੇ ਆਧਾਰ ’ਤੇ ਜਿੱਤ ਦਰਜ ਕੀਤੀ। ਐਸ.ਡੀ.ਸੀ.ਏ ਦੇ ਪ੍ਰਧਾਨ ਡਾ: ਦਲਜੀਤ ਸਿੰਘ ਖੇਲਾ, ਡਾ: ਪੰਕਜ ਸ਼ਿਵ ਅਤੇ ਵਿਵੇਕ ਸਾਹਨੀ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਜਿੱਤ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਵਧੀਆ ਖੇਡਣ ਦੀ ਆਸ ਪ੍ਰਗਟਾਈ | ਐਸ.ਡੀ.ਸੀ.ਏ ਦੇ ਸਕੱਤਰ ਡਾ: ਰਮਨ ਘਈ ਨੇ ਇਸ ਜਿੱਤ ‘ਤੇ ਖਿਡਾਰੀਆਂ ਅਤੇ ਤਿੰਨ ਕੋਚਾਂ ਦੇ ਚੰਗੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰਨ ਅਤੇ ਭਵਿੱਖ ਵਿੱਚ ਵੀ ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਰਾਸ਼ਟਰੀ ਕ੍ਰਿਕਟਰ ਕੁਲਦੀਪ ਧਾਮੀ, ਦਲਜੀਤ ਧੀਮਾਨ, ਮਹਿਲਾ ਕੋਚ ਦਵਿੰਦਰ ਕਲਿਆਣ ਅਤੇ ਅਸ਼ੋਕ ਸ਼ਰਮਾ ਨੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ |