ਵੋਟਾਂ ਨੂੰ ਲੈ ਕੇ ਔਰਤਾਂ, ਬਜ਼ੁਰਗਾਂ ਤੇ ਦਿਵਿਆਂਗਜਨ ’ਚ ਦਿਸਿਆ ਵਿਸ਼ੇਸ਼ ਉਤਸ਼ਾਹ
ਹੁਸ਼ਿਆਰਪੁਰ, 1 ਜੂਨ :ਲੋਕ ਸਭਾ ਚੋਣਾਂ-2024 ਤਹਿਤ ਵੋਟਰਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ 7 ਪਿੰਕ ਬੂਥ (ਮਹਿਲਾਵਾਂ ਵੱਲੋਂ ਸੰਚਾਲਿਤ ਬੂਥ), 70 ਮਾਡਲ ਬੂਥ, 10 ਗ੍ਰੀਨ ਬੂਥ ਅਤੇ ਇਕ ਪੀ. ਡਬਲਯੂ. ਡੀ ਬੂਥ ਬਣਾਇਆ ਗਿਆ। ਇਨ੍ਹਾਂ ਬੂਥਾਂ ’ਤੇ ਮੁੱਖ ਗੇਟ ਨੂੰ ਵੀ ਵਿਸ਼ੇਸ਼ ਤੌਰ ’ਤੇ ਫੁੱਲਾਂ ਤੋਂ ਲੈ ਕੇ ਪੋਸਟਰਾਂ-ਹੋਰਡਿੰਗਾਂ ਨਾਲ ਸਜਾਇਆ ਗਿਆ। ਨਾਲ ਹੀ ਰੈੱਡ ਕਾਰਪੈਟ (ਲਾਲ ਕਾਲੀਨ) ਅਤੇ ਪਿੰਕ ਕਾਰਪੈਟ (ਗੁਲਾਬੀ ਕਾਲੀਨ) ਵਿਛਾਏ ਗਏ।
ਇਸ ਦੇ ਨਾਲ ਹੀ ਉਡੀਕ ਘਰ ਵਿਚ ਵੀ ਅਰਾਮਦਾਇਕ ਸੋਫੇ ਵੀ ਲਗਾਏ ਗਏ ਸਨ। ਇਨ੍ਹਾਂ ਪਿੰਕ ਬੂਥਾਂ ਦੀਆਂ ਵਿਸ਼ੇਸ਼ਤਾਵਾਂ ਇਹ ਸਨ ਕਿ ਇਥੇ ਸਾਰੀਆਂ ਔਰਤ ਕਰਮਚਾਰੀ ਹੀ ਬੂਥ ਨੂੰ ਸੰਭਾਲੇ ਹੋਏ ਸਨ। ਸੈਲਫੀ ਪੁਆਇੰਟ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਹਰ ਬੂਥ ’ਤੇ ‘ਪਰਸਨ ਵਿਦ ਡਿਸਏਬਿਲਿਟੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਬਜ਼ੁਰਗਾਂ ਨੂੰ ਬੂਥ ਤੱਕ ਲਿਆਉਣ ਲਈ ਵ੍ਹੀਲਚੇਅਰ ਦੀ ਵਿਸ਼ੇਸ਼ ਵਿਵਸਥਾ ਸੀ।
ਸਵੇਰ ਤੋਂ ਹੀ ਮਹਿਲਾਵਾਂ, ਬਜ਼ੁਰਗਾਂ ਅਤੇ ਦਿਵਿਆਂਗਜਨ ਵਿਚ ਵੋਟ ਦੇ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਲੋਕਤੰਤਰ ਦੇ ਇਸ ਪਰਵ ਵਿਚ ਮਤਦਾਨ ਰਾਹੀਂ ਯੋਗਦਾਨ ਪਾਇਆ। ਵੋਟਰਾਂ ਨੂੰ ਵਾਲੰਟੀਅਰਾਂ ਦੁਆਰਾ ਸਮਈਲਿੰਗ ਫੇਸ ਦੇ ਨਾਲ ਮੁੱਖ ਦਰਵਾਜ਼ੇ ਤੱਕ ਲਿਆਂਦਾ ਜਾ ਰਿਹਾ ਸੀ ਅਤੇ ਹਰੇਕ ਵੋਟਰ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪੱਖੇ, ਕੂਲਰ ਅਤੇ ਠੰਡੇ-ਮਿਠੇ ਜਲ ਅਤੇ ਲੱਸੀ ਦੇ ਵਿਸ਼ੇਸ਼ ਪ੍ਰਬੰਧ ਸਨ।