ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਨਾਲ ਪਾਈਆਂ ਵੋਟਾਂ
ਹੁਸ਼ਿਆਰਪੁਰ, 1 ਜੂਨ : ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਵਿਚ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਵਿਚ ਵੋਟਾਂ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟ ਪਾਉਣ ਤੋਂ ਬਾਅਦ ਨੌਜਵਾਨ ਕਾਫੀ ਖੁਸ਼ ਨਜ਼ਰ ਆਏ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਿਰਮਾਣ ਵਿਚ ਉਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੈ। ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਸਵੇਰੇ 7 ਵਜੇ ਤੋਂ ਹੀ ਨੌਜਵਾਨ ਘਰ ਤੋਂ ਨਿਕਲ ਕੇ ਆਪਣੇ-ਆਪਣੇ ਬੂਥਾਂ ’ਤੇ ਆਉਣ ਲੱਗੇ। ਪੋÇਲੰਗ ਸਟੇਸ਼ਨਾਂ ’ਤੇ ਬਜ਼ੁਰਗ ਅਤੇ ਦਿਵਿਆਂਗਜਨ ਵੋਟਰਾਂ ਲਈ ਨੌਜਵਾਨ ਵਲੰਟੀਅਰ ਮਾਰਗ ਦਰਸ਼ਕ ਬਣੇੇ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਅੱਗੇ ਰਹੇ।
ਨੌਜਵਾਨਾਂ ਨਾਲ ਔਰਤਾਂ ਵਿਚ ਵੀ ਵੋਟ ਪਾਉਣ ਲਈ ਉਤਸ਼ਾਹ ਸੀ। ਗਰਮੀ ਦੇ ਮੱਦੇਨਜ਼ਰ ਬਜ਼ੁਰਗ ਵੋਟਰ ਧੁੱਪ ਢਲਣ ਦਾ ਇੰਤਜਾਰ ਕਰਦੇ ਦੇਖੇ ਗਏ। ਹੁਸ਼ਿਆਰਪੁਰ ਦੇ ਨੌਜਵਾਨ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨ ਵੋਟਰ ਆਪਣੇ ਨਾਲ ਆਪਣੇ ਮਾਪਿਆਂ ਨੂੰ ਵੀ ਪੋÇਲੰਗ ਬੂਥਾਂ ਤੱਕ ਲਿਆਉਂਦੇ ਦੇਖੇ ਗਏ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿਚ ਜੋਸ਼ ਦੇ ਨਾਲ ਪਰਿਪੱਕਤਾ ਵੀ ਦੇਖੀ ਜਾ ਰਹੀ ਸੀ।
ਚੋਣ ਦੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਔਰਤਾਂ ਵੀ ਪਿੱਛੇ ਨਹੀਂ ਸਨ। ਕਈ ਬੂਥਾਂ ’ਤੇ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਵਿਚ ਵੋਟ ਪਾਉਣ ਪ੍ਰਤੀ ਜਾਗਰੂਕਤਾ ਦੇਖੀ ਗਈ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਔਰਤਾਂ ਦਾ ਬੂਥਾਂ ’ਤੇ ਆਉਣਾ-ਜਾਣਾ ਲੱਗਾ ਰਿਹਾ। ਕਈ ਬੂਥਾਂ ’ਤੇ ਲੱਗੀਆਂ ਲਾਈਨਾਂ ਵਿਚ ਸਿਰਫ ਔਰਤਾਂ ਹੀ ਦਿਸ ਰਹੀਆਂ ਸਨ। ਔਰਤਾਂ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਹੋਰਨਾਂ ਵੋਟਰਾਂ ਲਈ ਪ੍ਰੇਰਣਾ ਦਾ ਕੰਮ ਕਰ ਰਹੀ ਸੀ।
ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਡਿਊਟੀ ’ਤੇ ਤਾਇਨਾਤ ਜਵਾਨ ਮੁਸਤੈਦੀ ਨਾਲ ਲੱਗੇ ਹੋਏ ਸਨ। ਡਿਊਟੀ ’ਤੇ ਤਾਇਨਾਤ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਦੇ ਕੰਮ ਨੂੰ ਨੇਪਰੇ ਚੜ੍ਹਾਉਣ ਦੇ ਨਾਲ-ਨਾਲ ਗੈਰ-ਸਮਾਜਿਕ ਅਨਸਰਾਂ ਨੂੰ ਮਤਦਾਨ ਕੇਂਦਰਾਂ ਦੇ ਨੇੜੇ ਵੀ ਨਹੀਂ ਫੜਕਣ ਦਿੱਤਾ। ਜਵਾਨ ਜਿਥੇ ਸ਼ਾਤੀਪੂਰਨ ਵੋਟਾਂ ਲਈ ਆਪਣੀ ਡਿਊਟੀ ਕਰ ਰਹੇ ਸਨ, ਉਥੇ ਵਲੰਟੀਅਰਾਂ ਦੇ ਵਰਤਾਅ ਅਤੇ ਕਾਰਜਸ਼ੈਲੀ ਦੀ ਸ਼ਲਾਘਾ ਸਾਰੇ ਬੂਥਾਂ ’ਤੇ ਆਮ ਵੋਟਰ ਵੀ ਕਰਦੇ ਦੇਖੇ ਗਏ।