ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਪੋਲਿੰਗ ਸਟਾਫ ਦੀ ਤੀਜੀ ਅਤੇ ਮਾਈਕਰੋ ਅਬਜ਼ਰਵਰਾਂ ਦੀ ਹੋਈ ਦੂਜੀ ਰੈਂਡੇਮਾਈਜ਼ੇਸ਼ਨ
ਹੁਸ਼ਿਆਰਪੁਰ, 30 ਮਈ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਦੀ ਹਾਜ਼ਰੀ ਵਿਚ ਐਨ.ਆਈ.ਸੀ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਲਿੰਗ ਸਟਾਫ਼ ਦੀ ਤੀਜੀ ਅਤੇ ਮਾਈਕਰੋ ਅਬਜ਼ਰਵਰ ਦੀ ਦੂਜੀ ਰੈਂਡੇਮਾਈਜੇਸ਼ਨ ਹੋਈ। ਰੈਂਡੇਮਾਈਜੇਸ਼ਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੂਜੀ ਰੈਂਡੇਮਾਈਜੇਸ਼ਨ ਉਪਰੰਤ 88 ਥਾਵਾਂ ਲਈ 188 ਮਾਈਕਰੋ ਅਬਜ਼ਰਵਰਾਂ ਦੀ ਡਿਊਟੀ ਆਰਡਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਅਬਜ਼ਰਵਰ ਜ਼ਿਲ੍ਹੇ ਦੇ ਨਾਜ਼ੁਕ, ਸੰਵੇਦਨਸ਼ੀਲ, ਸ਼ੈਡੋ ਏਰੀਆ ਵਾਲੇ ਬੂਥਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੋਲਿੰਗ ਸਟਾਫ਼ ਦੀ ਤੀਜੀ ਰੈਂਡੇਮਾਈਜੇਸ਼ਨ ਨੂੰ ਅੰਤਿਮ ਰੂਪ ਦਿੰਦੇ ਹੋਏ ਪੋਲਿੰਗ ਸਟਾਫ਼ ਦੇ ਡਿਊਟੀ ਆਰਡਰ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਸੌਂਪ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1563 ਪੋÇਲੰਗ ਬੂਥਾਂ ਲਈ 1563 ਪੋਲਿੰਗ ਪਾਰਟੀਆਂ ਨੂੰ ਡਿਊਟੀ ਆਰਡਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਪੋਲਿੰਗ ਸਟਾਫ਼ ਮਤਦਾਨ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਪਾ ਹਲਕਿਆਂ ਲਈ ਪੋਲਿੰਗ ਪਾਰਟੀਆਂ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ।
ਕੋਮਲ ਮਿੱਤਲ ਨੇ ਨਿਯੁਕਤ ਕੀਤੇ ਗਏ ਪੋਲਿੰਗ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ। ਇਸ ਮੌਕੇ ਡੀ.ਈ.ਓ ਪ੍ਰਦੀਪ ਸਿੰਘ, ਲੀਡ ਬੈਂਕ ਮੈਨੇਜਰ ਰਾਜੇਸ਼ ਜੋਸ਼ੀ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਬੀਰ ਸਿੰਘ ਵੀ ਮੌਜੂਦ ਸਨ।