ਪੁਰਾਣੇ ਭਾਜਪਾਈਆਂ ਨੂੰ ਭਾਅ ਨਾ ਦੇਣ ਤੇ ਨਰਾਜ਼ ਆਗੂਆਂ ਨੇ ਲਾਈ ਅਸਤੀਫਿਆਂ ਦੀ ਝੜੀ
ਹੁਸ਼ਿਆਰਪੁਰ 24 ਮਈ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਧੜੇਬੰਦੀ ਕੋਈ ਨਵੀਂ ਅਤੇ ਅਲੋਕਾਰੀ ਗੱਲ ਨਹੀਂ ਹੈ । ਭਾਵੇਂ ਪਿਛਲੇ ਕਈ ਸਾਲਾਂ ਤੋਂ ਪਾਰਟੀ ਆਗੂਆਂ ਦੇ ਵਿਚਾਲੇ ਅੰਦਰ ਖਾਤੇ ਇੱਟ ਖੜੱਕਾ ਚੱਲਦਾ ਰਹਿੰਦਾ ਹੈ। ਪਰ ਬਾਹਰੀ ਤੌਰ ‘ਤੇ ਹਾਈਕਮਾਨ ਦੀ ਘੁਰਕੀ ਤੋਂ ਡਰਦੇ ਹੋਏ “ਦੱੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ” ਦੀ ਨੀਤੀ ਉੱਪਰ ਚੱਲਣ ਨੂੰ ਤਰਜ਼ੀਹ ਦਿੰਦੇ ਰਹੇ । ਰਾਜਨੀਤੀ ਦੀ ਚੋਟੀ ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਐਮ ਐਲ ਏ ਦੀ ਚੋਣ ਜਿੱਤਣ ਤੋਂ ਬਾਅਦ ਪਾਰਟੀ ਦੀ ਮਜਬੂਤੀ ਲਈ ਜ਼ਮੀਨੀ ਪੱਧਰ ਤੇ ਕੰਮ ਕੀਤਾ ਉਹਨਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਸੂਦ ਦੀ ਕਾਰਗੁਜ਼ਾਰੀ ਪਾਰਟੀ ਲਈ ਰਾਮ ਬਾਣ ਸਾਬਤ ਹੋਈ ਪਰ ਉਸ ਦੇ ਨਾਲ ਨਾਲ ਅਵਿਨਾਸ਼ ਰਾਏ ਖੰਨਾ ਦਾ ਗਰੁੱਪ ਵੀ ਪਾਰਟੀ ਲਈ ਕੰਮ ਕਰਦਾ ਰਿਹਾ ਭਾਵੇਂ ਇਹਨਾਂ ਦੋਵਾਂ ਗਰੁੱਪਾਂ ਦੀ ਆਪਸ ਵਿੱਚ ਨੋਕ ਝੋਕ ਚਲਦੀ ਰਹੀ ਪਰ ਪਾਰਟੀ ਲਈ ਦੋਵੇਂ ਗਰੁੱਪ ਆਪੋ ਆਪਣੇ ਪੱਧਰ ਤੇ ਯਤਨਸ਼ੀਲ ਰਹੇ । ਬਾਅਦ ਵਿੱਚ ਪਾਰਟੀ ਵਿੱਚ ਕਈ ਗਰੁੱਪ ਖੜੇ ਹੋ ਗਏ ਜਿਨਾਂ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਤੋਂ ਬਾਅਦ ਵਿਜੇ ਸਾਂਪਲਾ ਦਾ ਧੜਾ, ਐਮਪੀ ਦੀ ਚੋਣ ਜਿੱਤ ਤੋਂ ਸੋਮ ਪ੍ਰਕਾਸ਼ ਦਾ ਧੜਾ ਹੋਂਦ ਵਿੱਚ ਆਇਆ| ਇਸ ਤਰ੍ਹਾਂ ਪਾਰਟੀ ਵਿੱਚ ਵੱਧ ਰਹੇ ਧੜਿਆਂ ਨੇ ਪਾਰਟੀ ਦਾ ਭਲਾ ਕਰਨ ਦੀ ਤੁਲਨਾ ਵਿੱਚ ਸਗੋਂ ਜਿਆਦਾ ਨੁਕਸਾਨ ਕੀਤਾ ।
ਚੋਣ ਦ੍ਰਿਸ਼ ਤੋਂ ਮੌਜੂਦਾ ਜ਼ਿਲਾ ਪ੍ਰਧਾਨ ਵੀ ਲਗਾਏ ਖੂੰਜੇ
ਲੋਕ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਹੁੰਦਿਆਂ ਸਾਰ ਹੀ ਚੋਣ ਲੜਾਉਣ ਵਾਲੀ ਪ੍ਰਸਾਸ਼ਕੀ ਟੀਮ ਵਿੱਚੋਂ ਮੌਜੂਦਾ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਨੂੰ ਅੱਖੋਂ ਪਰੋਖੇ ਕਰਨਾ ਭਾਜਪਾ ਉਮੀਦਵਾਰ ਲਈ ਟੇਢੀ ਖੀਰ ਸਾਬਿਤ ਹੋਣ ਵਾਲਾ ਹੈ । ਚੋਣ ਪ੍ਰਬੰਧਾਂ ਦਾ ਸਾਰਾ ਦਾਰੋਮਦਾਰ ਫਗਵਾੜੇ ਤੋਂ ਆਏ ਲੀਡਰਾਂ ਦੇ ਹੱਥ ਵਿੱਚ ਹੋਣ ਕਾਰਨ ਅੰਦਰ ਖਾਤੇ ਸਥਾਨਕ ਆਗੂਆਂ ਵਿੱਚ ਨਾਰਾਜਗੀ ਦਾ ਆਲਮ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਬਹੁਤੇ ਕੇਵਲ ਮੂੰਹ ਦਿਖਾਈ ਦੀ ਰਸਮ ਹੀ ਅਦਾ ਕਰ ਰਹੇ ਹਨ । ਇਸ ਵਾਰ ਆਲਮ ਇਹ ਹੈ ਕਿ ਮੌਜੂਦਾ ਜ਼ਿਲਾ ਪ੍ਰਧਾਨ ਨਿਪੁੰਨ ਸ਼ਰਮਾ ਵੀ ਖੁੱਡੇ ਲਾਈਨ ਲਾਇਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦਾ ਖੁਲਾਸਾ ਖੁਦ ਭਾਜਪਾ ਅਤੇ ਸੰਘ ਦੇ ਪੁਰਾਣੇ ਆਗੂ ਨੇ ਆਪਣੀ ਪ੍ਰੈੱਸ ਕਾਨਫਰੰਸ ਮੌਕੇ ਸ਼ਰੇਆਮ ਕਰ ਦਿੱਤਾ | ਤੀਜੀ ਵਾਰ ਜਿਲਾ ਪ੍ਰਧਾਨ ਬਣੇ ਚੁੱਕੇ ਨਿਪੁੰਨ ਸ਼ਰਮਾ ਹੁਣ ਤੱਕ ਪਾਰਟੀ ਵਿੱਚ ਆਪਣੀ ਜਥੇਬੰਦਕ ਪਕੜ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ, ਉਹਨਾਂ ਦੇ ਕਾਰਜਕਾਲ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੇ ਸਮ੍ਰਪਿਤ ਵਰਕਰ ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਕੌਂਸਲਰ ਪਾਰਟੀ ਨੂੰ ਅਲਵਿਦਾ ਕਹਿ ਗਏ ਅਤੇ ਇਸ ਮੌਕੇ ਤੋਂ ਉਹਨਾਂ ਵੱਲੋਂ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਅਗਵਾਈ ਕਰਨ ਵਾਲੇ ਲੀਡਰਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਨਿਪੁੰਨ ਸ਼ਰਮਾ ਦੀ ਅਗਵਾਈ ‘ਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਗਈ | ਭਾਵੇਂ ਪਾਰਟੀ ਨੇ ਉਹਨਾਂ ਉੱਤੇ ਤੀਸਰੀ ਵਾਰ ਭਰੋਸਾ ਪ੍ਰਗਟਾਇਆ ਹੈ ਪਰ ਹਾਲੇ ਤੱਕ ਵੀ ਪਾਰਟੀ ਦੇ ਲੀਡਰਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਨਹੀਂ ਹੋ ਸਕੇ ।
ਲੋਕ ਸਭਾ ਚੋਣ ਜੰਗ; ਭਾਜਪਾ ਦੀ ਅੰਦਰੂਨੀ ਖਾਨਾਜੰਗੀ ਸਿਖਰਾਂ ‘ਤੇ
2024 ਦੀਆਂ ਲੋਕ ਸਭਾ ਚੋਣਾਂ ਦੀ ਜੰਗ ਨੇ ਭਾਜਪਾ ਦੀ ਅੰਦਰੂਨੀ ਖਾਨਾਜੰਗੀ ਸਗੋਂ ਹੋਰ ਤੇਜ਼ ਕਰ ਦਿੱਤੀ ਹੈ । ਸਭ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਵਿਜੇ ਸਾਂਪਲਾ ਦੀ ਦਾਵੇਦਾਰੀ ਨੂੰ ਅੱਖੋਂ ਪਰੋਖੇ ਕਰਕੇ ਕੇਂਦਰੀ ਮੰਤਰੀ ਦੇ ਆਪਣੇ ਕਾਰਜਕਾਲ ਵਿਚ ਮੱਥੇ ਤੇ ਫੇਲ੍ਹ ਦਾ ਠੱਪਾ ਲਗਵਾ ਚੁੱਕੇ ਸੋਮ ਪ੍ਰਕਾਸ਼ ਦੀ ਘਰਵਾਲੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਕੇ ਭਾਜਪਾ ਨੇ ਵਿਜੇ ਸਾਂਪਲਾ ਅਤੇ ਹੋਰ ਸਥਾਨਕ ਆਗੂਆਂ ਦੀ
ਨਰਾਜ਼ਗੀ ਸਹੇੜ ਲਈ | ਭਾਜਪਾ ਹਾਈਕਮਾਨ ਦੇ ਨਾਦਰਸ਼ਾਹੀ ਵਤੀਰੇ ਤੋਂ ਨਰਾਜ਼ ਹੋਏ ਸਾਂਪਲਾ ਸਮਰਥਕਾਂ ਨੇ ਭਾਜਪਾ ਉਮੀਦਵਾਰ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ | ਫਿਰ ਵਾਰੀ ਆਈ ਭਾਜਪਾ ਹਾਈਕਮਾਨ ਵੱਲੋਂ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੂੰ ਖੂੰਜੇ ਲਾਉਣ ਦੀ, ਜਿਨ੍ਹਾਂ ਨੂੰ ਸ਼ਰੇਆਮ ਬੇਇਜ਼ਤ ਕਰਨ ਵਾਲ਼ੀ ਮਹਿਲਾ ਆਗੂ ਨਿਮਸ਼ਾ ਮਹਿਤਾ ਨੂੰ ਲਿਆ ਕੇ ਉਨ੍ਹਾਂ ਦੇ ਸਿਰ ਤੇ ਬਿਠਾ ਦਿੱਤਾ ਗਿਆ ਉਹ ਵੀ ਅਵਿਨਾਸ਼ ਰਾਏ ਖੰਨਾ ਨੂੰ ਭਰੋਸੇ ਵਿੱਚ ਲਏ ਬਗੈਰ,ਜਿਸ ਨੇ ਬਲਦੀ ‘ਤੇ ਤੇਲ ਪਾਇਆ ਅਤੇ ਅਵਿਨਾਸ਼ ਰਾਏ ਖੰਨਾ ਦੇ ਸਮਰਥਕਾਂ ਨੇ ਵੀ ਅਸਤੀਫਿਆਂ ਦੀ ਝੱੜੀ ਲੱਗਾ ਦਿੱਤੀ। ਇਸ ਤੋਂ ਬਾਅਦ ਖੰਨਾ ਦੇ ਇੱਕ ਹੋਰ ਕਰੀਬੀ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸਪੋਰਟਸ ਸੈਲ ਦੇ ਮੌਜੂਦਾ ਪ੍ਰਧਾਨ ਡਾ.ਰਮਨ ਘਈ ਨੇ ਵੀ ਆਨੇ ਬਹਾਨੇ ਅਸਤੀਫ਼ਾ ਕੱਢ ਮਾਰਿਆ ਅਤੇ ਨਾਲ ਹੀ ਉਨ੍ਹਾਂ ਦੇ ਅੱਧੀ ਦਰਜਨ ਤੋ ਜਿਆਦਾ ਸਮਰਥਕਾਂ ਨੇ ਵੀ ਅਸਤੀਫੇ ਤੇ ਅਸਤੀਫ਼ਾ ਠਾਹ ਅਸਤੀਫਾ ਮਾਰਿਆ | ਚੋਣਾਂ ਦੇ ਇਸ ਮੌਸਮ ਵਿੱਚ ਅਸਤੀਫਿਆਂ ਦੀ ਆਈ ਬਹਾਰ ਨੇ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਭਾਰੀ ਢਾਹ ਲਗਾਈ ਅਤੇ ਪਹਿਲਾਂ ਹੀ ਮੁੱਲ ਦੀ ਆਕਸੀਜਨ ‘ਤੇ ਸਹਿਕ ਰਹੀ ਉਨ੍ਹਾਂ ਦੀ ਚੋਣ ਮੁਹਿੰਮ ਕਾਫੀ ਪਛਾੜ ਕੇ ਰੱਖ ਦਿੱਤੀ ਹੈ |
ਖੂੰਜੇ ਲੱਗੇ ਕੱਟੜ ਸੰਘੀ ਵੀ ਭਰੇ ਪੀਤੇ ਛੱਡ ਗਏ ਭਾਜਪਾ
ਰਾਸ਼ਟਰੀ ਸਵੈਮ ਸੇਵਕ ਸੰਘ ਦਾ ਭਾਜਪਾ ਨਾਲ ਬੜਾ ਗੂੜ੍ਹਾ ਨਾਤਾ ਹੈ ਪਰ ਭਾਜਪਾ ਦੀ ਮੌਜੂਦਾ ਹਾਈਕਮਾਨ ਦੀ ਬਦਲੀ ਹੋਈ ਨੀਤੀ ਤੋਂ ਕੱਟੜ ਸੰਘੀ ਅਛੂਤੇ ਨਹੀਂ ਰਹੇ ਅਤੇ ਵਫ਼ਾਦਾਰੀ ਲਈ ਜਾਣੇ ਜਾਂਦੇ ਸੰਘੀ ਵੀ ਬੇਹੱਦ ਔਖੇ ਹਾਲਤ ਵਿੱਚੋਂ ਗੁਜ਼ਰਦੇ ਹੋਏ ਹੁਣ ਹਾਈ ਕਮਾਨ ਨੂੰ ਅੱਖਾਂ ਵਿਖਾਉਣ ਲੱਗੇ ਹਨ | ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਗਿਆਨ ਬਾਂਸਲ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਹਾਈ ਕਮਾਨ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਹੁਸ਼ਿਆਰਪੁਰ ਵਿੱਚ ਭਾਜਪਾ ਦੀ ਚੱਲ ਰਹੀ ਖਾਨਾਜੰਗੀ ਤੋਂ ਪਰਦਾ ਚੁੱਕ ਦਿੱਤਾ ਹੈ ਆਮ ਆਦਮੀ ਪਾਰਟੀ ਜੁਆਇੰਨ ਕਰਨ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਕੀਤੇ ਹੈਰਾਨਕੁੰਨ ਖੁਲਾਸਿਆਂ ਨੇ ਭਾਜਪਾ ਦੇ ਬਖੀਏ ਉਧੇੜ ਕੇ ਰੱਖ ਦਿੱਤੇ । ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਸਤੀਫਿਆਂ ਦੇ ਇਸ ਗਰਮ ਮੌਸਮ ਵਿੱਚ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਬੇੜੀ ਪਾਰ ਲੱਗ ਸਕੇਗੀ ਜਾਂ ਨਹੀਂ ਇਸ ਦਾ ਫ਼ੈਸਲਾ ਵੋਟਰ ਅਤੇ ਸਮਰਥਕ 1 ਜੂਨ ਨੂੰ ਕਰਨਗੇ |