ਵੋਟਰ ਜਾਗਰੂਕਤਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ ਰਾਹਗੀਰੀ ਪ੍ਰੋਗਰਾਮ
ਹੁਸ਼ਿਆਰਪੁਰ, 23 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੀ ਜਾਗਰੂਕਤਾ ਸਬੰਧੀ ਸਵੀਪ ਗਤੀਵਿਧੀਆਂ ਤਹਿਤ ਫੂਡ ਸਟਰੀਟ ਹੁਸ਼ਿਆਰਪੁਰ ਵਿਖੇ ਰਾਹਗੀਰੀ ਪ੍ਰੋਗਰਾਮ ਦਾ ਆਯੋਜਨ 25 ਮਈ ਨੂੰ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਜ਼ਿਲ੍ਹੇ ਦੇ ਯੋਗ ਵੋਟਰਾਂ ਨੂੰ 1 ਜੂਨ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਰਾਹਗੀਰੀ ਪ੍ਰੋਗਰਾਮ ਵਿਚ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵੱਖ-ਵੱਖ ਮਨੋਰੰਜਨ ਅਤੇ ਗਿਆਨ ਵਿਚ ਵਾਧਾ ਕਰਨ ਵਾਲੀਆਂ ਗਤੀਵਿਧੀਆਂ ਖਿੱਚ ਦਾ ਕੇਂਦਰ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚੋਣਾਂ ਸਬੰਧੀ ਵਿਸ਼ਿਆਂ ਨੂੰ ਲੈ ਕੇ ਕੁਇਜ਼ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਆਕਰਸ਼ਕ ਪੁਰਸਕਾਰ ਵੀ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਆਮ ਜਨਤਾ ਦੀ ਵੱਖ-ਵੱਖ ਗਤੀਵਿਧੀਆਂ ਰਾਹੀਂ ਸ਼ਮੂਲੀਅਤ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਅਪੀਲ ਕੀਤੀ ਕਿ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨ।