ਗਰਮੀ ਦੇ ਮੌਸਮ ਵਿੱਚ ਲੂ ਤੋਂ ਬਚਾਓ ਕਰੋ, ਇਸ ਸੰਬੰਧੀ ਚੌਕਸ ਰਹੋ: ਸਿਵਲ ਸਰਜਨ
ਹੁਸ਼ਿਆਰਪੁਰ 23 ਮਈ 2024: ਇਸ ਸਮੇਂ ਵਾਤਾਵਰਣ ਦਾ ਤਾਪਮਾਨ 40°C ਤੋਂ ਉੱਪਰ ਚੱਲ ਰਿਹਾ ਹੈ ਅਤੇ ਹੀਟ ਵੇਵ ਰੇਡ ਅਲਰਟ ਵੀ ਜਾਰੀ ਕੀਤੇ ਗਏ ਹਨ। ਆਉਣ ਵਾਲੇ ਕਾਫੀ ਦਿਨਾਂ ਤੱਕ ਭੀਸ਼ਣ ਗਰਮੀ ਦੇ ਆਸਾਰ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਕਰਕੇ ਹੀਟ ਵੇਵ ਸਟ੍ਰੋਕ ਜਿਸ ਨੂੰ ਆਮ ਭਾਸ਼ਾ ਵਿੱਚ ਗਰਮ ਲੂ-ਲੱਗਣਾ ਵੀ ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ। ਇਸ ਤੋੰ ਬਚਾਓ ਸਬੰਧੀ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਐਡਵਾਈਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਵੱਲੋਂ ਜਿਲ੍ਹਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਜ਼ਿਲਾ ਡੈਂਟਲ ਸਿਹਤ ਅਫਸਰ ਡਾ.ਸ਼ੈਲਾ ਕੰਵਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਲੂ ਤੋਂ ਬਚਾਓ ਸੰਬੰਧੀ ਜਾਗਰੂਕਤਾ ਲਿਟਰੇਚਰ ਵੀ ਜਾਰੀ ਕੀਤਾ ਗਿਆ।
ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਾ. ਡਮਾਣਾ ਨੇ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੂ-ਲੱਗਣ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40° C ਤੋਂ ਵੱਧਣਾ, ਬੇਹੋਸ਼ੀ/ਭ੍ਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ ਸਿਰ ਦਰਦ, ਉਲਟੀ ਆਉਣਾ ਆਦਿ ਸ਼ਾਮਿਲ ਹਨ।
ਡਾ ਡਮਾਣਾ ਨੇ ਕਿਹਾ ਇਸ ਸਥਿਤੀ ਵਿੱਚ ਮਰੀਜ ਨੂੰ ਪ੍ਰਾਥਮਿਕ ਉਪਕਾਰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਤੇ ਘੱਟ ਕਰਨੇ, ਠੰਡੀ ਜਗ੍ਹਾ ਤੇ ਲੈ ਕੇ ਜਾਣਾ, ਬਰਫ/ਆਈਸ ਪੈਕ ਸਰੀਰ ਤੇ ਰੱਖਣਾ ਤਾਂ ਜਰੂਰੀ ਹਨ ਹੀ ਇਸ ਦੇ ਨਾਲ ਹੀ ਮਰੀਜ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ ਨੂੰ ਵਾਤਾਨੂਕੁਲਿਤ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋ ਜਾਏ ਤਾਂ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਗਰਮੀ ਦੇ ਮੌਸਮ ਵਿੱਚ ਪਾਣੀ ਉਚਿਤ ਮਾਤਰਾ ਵਿੱਚ ਪੀਓ, ਪਾਣੀ ਦੀ ਬੋਤਲ ਹਮੇਸ਼ਾਂ ਨਾਲ ਰੱਖੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ.ਆਰ.ਐਸ ਅਤੇ ਹੋਰ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਦੇ ਹਨ।
ਡਾ ਜਗਦੀਪ ਸਿੰਘ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਨਵਜੰਮੇ ਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ‘ਤੇ ਬਿਮਾਰ ਹਨ, ਖਾਸ ਕਰਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਅਨਿਯੰਤ੍ਰਿਤ ਸ਼ੂਗਰ, ਜਿਆਦਾ ਸ਼ਰਾਬ ਪੀਣਾ, ਧੁੱਪ ਵਿੱਚ ਕੰਮ ਕਰਨ ਵਾਲੇ ਮਜਦੂਰ, ਖਿਡਾਰੀ, ਗਰਮੀ ਅਨੁਸਾਰ ਕੱਪੜੇ ਨਾ ਪਾਉਣ ਵਾਲੇ ਲੋਕਾਂ ਵਿੱਚ ਲੂ ਲੱਗਣ ਦਾ ਜਿਆਦਾ ਖਤਰਾ ਹੋ ਸਕਦਾ ਹੈ।
ਡਾ ਜਗਦੀਪ ਨੇ ਕਿਹਾ ਕਿ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਲੂ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਸੂਤੀ ਤੇ ਢਿੱਲੇ ਕੱਪੜੇ ਪਾਓ ਜੋ ਪਸੀਨੇ ਨਾਲ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ। ਦੁਪਹਿਰ 12 ਵਜੇ ਤੋੰ ਸ਼ਾਮ 4 ਵਜੇ ਤੱਕ ਧੁੱਪੇ ਨਿਕਲਣ ਤੋਂ ਪਰਹੇਜ ਕਰੋ। ਠੰਡੇ ਥਾਂ ਤੋੰ ਇੱਕਦਮ ਗਰਮ ਮੌਸਮ ਵਿੱਚ ਨਿਕਲਣ ਵਿੱਚ ਨੁਕਸਾਨ ਹੋ ਸਕਦਾ ਹੈ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ।
ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਲਕੋਹਲ, ਚਾਹ, ਕੌਫੀ, ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿੱਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ। ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ। ਲੰਬੇ ਸਮੇਂ ਤੱਕ ਧੁੱਪ ਵਿੱਚ ਖੜ੍ਹੇ ਵਾਹਨਾਂ ਵਿੱਚ ਬੈਠਣ ਸਮੇਂ ਸਾਵਧਾਨੀ ਵਰਤੋ।