ਮੈਗਾ ਵੋਟਰ ਮੇਲੇ ’ਚ ਯੋਗ ਵੋਟਰਾਂ ਨੂੰ ਵੋਟਾਂ ਪ੍ਰਤੀ ਕੀਤਾ ਜਾਗਰੂਕ
ਹੁਸ਼ਿਆਰਪੁਰ, 14 ਮਈ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਮੰਗਲਵਾਰ ਜੀ.ਜੀ.ਐਸ.ਡੀ ਕਾਲਜ ਹਰਿਆਣਾ ਵਿਖੇ ਵਿਧਾਨ ਸਭਾ ਹਲਕਾ 042 ਸ਼ਾਮ ਚੌਰਾਸੀ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੈਗਾ ਵੋਟਰ ਮੇਲਾ ਕਰਵਾਇਆ ਗਿਆ। ਇਸ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰ ਸ਼ਾਮ ਚੌਰਾਸੀ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਸੱਭਿਆਚਾਰਕ ਗੀਤ ਨਾਲ ਹੋਈ।
ਸਹਾਇਕ ਰਿਟਰਨਿੰਗ ਅਫ਼ਸਰ ਡਾ. ਅਮਨਦੀਪ ਕੌਰ ਨੇ ਸਾਰੇ ਯੋਗ ਵੋਟਰਾਂ ਨੂੰ 1 ਜੂਨ 2024 ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਵੋਟ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਹਰ ਯੋਗ ਵੋਟਰ ਦਾ ਮੌਲਿਕ ਅਧਿਕਾਰ ਹੈ ਅਤੇ ਸਾਰਿਆਂ ਨੂੰ ਇਸ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਹਰ ਬੂਥ ’ਤੇ ਟੈਂਟ, ਕੁਰਸੀਆਂ, ਪੱਖੇ, ਕੂਲਰ ਆਦਿ ਉਪਲਬੱਧ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਪੀ.ਡਬਲਯੂ.ਡੀ ਅਤੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਚੋਣ ਕਮਿਸ਼ਨ ਵੱਲੋਂ ਕਾਫੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵੱਲੋਂ ਆਏ ਲੋਕਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਅਧਿਆਪਕ ਵਰਿੰਦਰ ਨਿਮਾਣਾ ਨੇ ਆਪਣੇ ਲਿਖੇ ਹੋਏ ਵੋਟਾਂ ਸਬੰਧੀ ਗੀਤ ਨੂੰ ਰਿਲੀਜ਼ ਕੀਤਾ।
ਇਸ ਦੌਰਾਨ ਸ਼ਾਮ ਚੌਰਾਸੀ ਸੰਗੀਤ ਘਰਾਣੇ ਨੂੰ ਲੈ ਕੇ ਵਿਸ਼ੇਸ਼ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀ ਵੋਟਰ ਜਾਗਰੂਕਤਾ ਰੰਗੋਲੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਜਸਪਾਲ ਸਿੰਘ, ਨਾਇਬ ਤਹਿਸੀਲਦਾਰ ਸ਼ਾਮ ਚੌਰਾਸੀ ਮਨਜੋਤ ਕੌਰ, ਨੋਡਲ ਅਫ਼ਸਰ ਸਵੀਪ ਜਤਿੰਦਰ ਸਿੰਘ, ਮਾਸਟਰ ਟ੍ਰੇਨਰ ਡਾ. ਹਰਪ੍ਰੀਤ ਸਿੰਘ, ਇੰਚਾਰਜ ਚੋਣ ਸ਼ਾਖਾ ਹਰਪ੍ਰੀਤ ਸਿੰਘ, ਸੁਪਰਡੰਟ ਨਗਰ ਨਿਗਮ ਸੁਆਮੀ ਸਿੰਘ, ਵਿਕਰਮਜੀਤ ਸਿੰਘ, ਅਸ਼ੀਸ਼ ਕੁਮਾਰ, ਲਖਵੀਰ ਸਿੰਘ, ਸਰਬਜੀਤ ਸਿੰਘ, ਨਰਾਇਣ ਗੁਪਤਾ, ਇੰਦਰਜੀਤ ਸਿੰਘ, ਨਵਜੋਤ ਸਿੰਘ, ਰਾਜੁ ਕੁਮਾਰ ਵੀ ਮੌਜੂਦ ਸਨ।