ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ
ਹੁਸ਼ਿਆਰਪੁਰ, 22 ਅਪ੍ਰੈਲ : ਜ਼ਿਲ੍ਹੇ ’ਚ 70 ਫੀਸਦੀ ਤੋਂ ਵੱਧ ਵੋਟਾਂ ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਪੋਲਿੰਗ ਬੂਥਾਂ ’ਤੇ ਹਰ ਵਰਗ ਦੇ ਵੋਟਰਾਂ ਨੂੰ ਇਕ ਵਧੀਆ ਮਾਹੌਲ ਦੇਣ ਦੇ ਉਦੇਸ਼ ਨਾਲ ਆਦਰਸ਼ ਪੋਲਿੰਗ ਬੂਥ ਬਣਾਏ ਜਾ ਰਹੇ ਹਨ, ਜਿਥੇ ਵੋਟਿੰਗ ਕਰਨ ਆਏ ਵੋਟਰਾਂ ਨੂੰ ਹਰ ਬੁਨਿਆਦੀ ਸੁਵਿਧਾਵਾਂ ਮਿਲਣਗੀਆਂ। ਇਸੇ ਲੜੀ ਵਿਚ ਵਿਧਾਨ ਸਭਾ ਖੇਤਰ-043 ਹੁਸ਼ਿਆਰਪੁਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਚ ਆਦਰਸ਼ ਪੋਲਿੰਗ ਬੂਥ ਬਣਾਇਆ ਗਿਆ ਹੈ।
ਇਸ ਬੂਥ ’ਤੇ ਵੋਟਰਾਂ ਨੂੰ ਪੰਜਾਬ ਦੀ ਵਿਰਾਸਤ ਦੀ ਝਲਕ ਅਤੇ ਉਤਸਵ ਦਾ ਮਾਹੌਲ ਦਿਖਾਉਂਦੇ ਹੋਏ ਇਕ ਪਿੰਡ ਦਾ ਦ੍ਰਿਸ਼ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਅੱਜ ਆਦਰਸ਼ ਪੋਲਿੰਗ ਬੂਥ ਦਾ ਦੌਰਾ ਕਰਨ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਦੱਸਿਆ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਹੋਰ ਪੋਲਿੰਗ ਬੂਥਾਂ ਦੇ ਇਲਾਵਾ ਜ਼ਿਲ੍ਹੇ ਵਿਚ ਵੋਟਰਾਂ ਦੀ ਸੁਵਿਧਾ ਲਈ 70 ਆਦਰਸ਼ ਪੋਲਿੰਗ ਬੂਥ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ 1 ਜੂਨ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜਿਸ ਦੇ ਤਹਿਤ ਅੱਜ ਇਸ ਆਦਰਸ਼ ਪੋਲਿੰਗ ਬੂਥ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਪੋਲਿੰਗ ਬੂਥ ’ਤੇ ਖਾਣ-ਪੀਣ ਅਤੇ ਬੈਠਣ ਦੇ ਉਚਿਤ ਪ੍ਰਬੰਧ ਦੇ ਨਾਲ-ਨਾਲ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਲਈ ਵੋਟ ਦੇ ਵੱਖਰੇ ਤੌਰ ’ਤੇ ਪ੍ਰਬੰਧ ਕੀਤੇ ਗਏ ਹਨ ਅਤੇ ਬੂਥ ’ਤੇ ਸਹੂਲਤਾਂ ਦੇ ਨਾਲ-ਨਾਲ ਇਸ ਨੂੰ ਸਜਾਇਆ ਵੀ ਗਿਆ ਹੈ।
ਆਦਰਸ਼ ਪੋਲਿੰਗ ਬੂਥ ਵਿਚ ਮਹਿਲਾ, ਨੌਜਵਾਨ, ਦਿਵਿਆਂਗ, ਸੀਨੀਅਰ ਸਿਟੀਜ਼ਨ ਅਤੇ ਟ੍ਰਾਂਸਜੈਂਡਰ ਮੈਨੇਜ ਬੂਥ ਅਤੇ ਯੂਨੀਕ ਬੂਥ ਸ਼ਾਮਿਲ ਹੈ। ਇਸ ਆਦਰਸ਼ ਬੂਥ ’ਤੇ ਲੋਕਾਂ ਦੇ ਬੈਠਣ ਦੇ ਲਈ ਵੇਟਿੰਗ ਏਰੀਆ ਬਣਿਆ ਹੈ ਅਤੇ ਵੇਟਿੰਗ ਏਰੀਏ ਵਿਚ ਲੋਕਾਂ ਦੇ ਬੈਠਣ ਦੇ ਲਈ ਕੁਰਸੀਆਂ ਰੱਖੀਆਂ ਗਈਆਂ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਪਹਿਲਾ ਅਨੁਭਵ ਯਾਦਗਾਰ ਰਹੇ, ਉਸਦੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਦੱਸਿਆ ਕਿ ਆਦਰਸ਼ ਪੋਲਿੰਗ ਬੂਥ ਵਿਚ ਲੋਕਾਂ ਦੀ ਸੁਵਿਧਾ ਲਈ ਹੈਲਪ ਡੈਸਕ ਬਣਾਇਆ ਗਿਆ ਹੈ, ਜਿਥੇ ਵੋਟਰ ਵੋਟ ਪਾਉਣ ਸਬੰਧੀ ਜਾਣਕਾਰੀ ਲੈ ਸਕਦਾ ਹੈ। ਇਸ ਦੇ ਨਾਲ ਹੀ ਪੀ. ਡਬਲਿਊ.ਡੀ ਵੋਟਰ ਹੈਲਪ ਡੈਸਕ ਜਿਸ ਵਿਚ ਪੀ. ਡਬਲਿਊ. ਡੀ ਵੋਟਰਾਂ ਦੀ ਸੁਵਿਧਾ ਲਈ ਵੀਲ੍ਹ ਚੇਅਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਲਈ ਐਨ.ਐਸ.ਐਸ ਵਾਲੰਟੀਅਰ ਵੀ ਮੌਜੂਦ ਰਹੇ। ਹਰੇਕ ਵੋਟਰ ਲਈ ਲੱਸੀ ਅਤੇ ਪਾਣੀ ਦੇ ਪ੍ਰਬੰਧ ਦੇ ਨਾਲ-ਨਾਲ ਪਹਿਲਾਂ ਆਉਣ ਵਾਲੇ ਵੋਟਰ ਦਾ ਸਵਾਗਤ ਬੈਂਡ-ਵਾਜਿਆਂ ਦੇ ਨਾਲ ਕੀਤਾ ਗਿਆ ਅਤੇ ਬੈਂਡ-ਵਾਜੇ ਦੇ ਨਾਲ ਹੀ ਉਨ੍ਹਾਂ ਨੂੰ ਪੋਲਿੰਗ ਬੂਥ ਤੱਕ ਲਿਜਾਇਆ ਗਿਆ। ਵੋਟਰਾਂ ਲਈ ਵਿਛਾਇਆ ਗਿਆ ਰੈੱਡ ਕਾਰਪੈਟ ਉਨ੍ਹਾਂ ਦੇ ਜੀਵਨ ਦਾ ਯਾਦਗਾਰ ਪੱਲ ਸੀ। ਇਸ ਦੌਰਾਨ ਪਹਿਲੀ ਵਾਰ ਬਣੇ ਨੌਜਵਾਨ ਵੋਟਰਾਂ ਦਾ ਸਨਮਾਨ ਵੀ ਕੀਤਾ ਗਿਆ।
ਪੋਲਿੰਗ ਬੂਥ ਵਿਚ ਵੋਟਰਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਦੇਖਦਿਆਂ ਪੰਜਾਬ ਪੁਲਿਸ ਦੀਆਂ ਨਵੀਆਂ ਗੱਡੀਆਂ ਅਤੇ ਸਿਹਤ ਵਿਭਾਗ ਦੀ ਐਂਬੂਲੈਂਸ ਟੀਮ ਮੌਜੂਦ ਸੀ। ਵੋਟਰਾਂ ਲਈ ਸੈਲਫੀ ਪੁਆਇੰਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਲੋਕ ਗੀਤ, ਗਿੱਧਾ, ਢਾਬਾ, ਖੂਹ ਆਦਿ ਬਣਾ ਕੇ ਪੂਰਾ ਜਸ਼ਨ ਦਾ ਮਾਹੌਲ ਸਿਰਜਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਐਸ.ਡੀ.ਐਮ ਪ੍ਰੀਤ ਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ ਦਿਵਿਆ ਪੀ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ, ਸਵੀਪ ਟੀਮ ਅਤੇ ਚੋਣ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।