ਸੀਪੀਆਈ(ਐਮ) ਦੀ ਜ਼ਿਲ੍ਹਾ ਕਮੇਟੀ ਦੀ ਕਾਮਰੇਡ ਕਮਲਜੀਤ ਸਿੰਘ ਰਾਜਪੁਰ ਭਾਈਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ
ਹੁਸ਼ਿਆਰਪੁਰ: ਇੱਥੇ ਸੀ.ਪੀ.ਆਈ.(ਐਮ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਾਥੀ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਕਾਮਰੇਡ ਕਮਲਜੀਤ ਸਿੰਘ ਰਾਜਪੁਰ ਭਾਈਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਬੋਲਦਿਆਂ ਸਾਥੀ ਸ਼ੇਖੋਂ ਨੇ ਕਿਹਾ ਕਿ ਮੌਜੂਦਾ ਪਾਰਲੀਮੈਂਟ ਚੋਣਾਂ ਵਿੱਚ ਸਭ ਤੋਂ ਵੱਡਾ ਕਾਰਜ ਫਿਰਕੂ, ਕਾਰਪੋਰੇਟ ਅਤੇ ਫਾਸ਼ੀਵਾਦੀ ਗਠਜੋੜ ਨੂੰ ਹਰਾਉਣਾ ਹੈ, ਜਿਸ ਦੀ ਦੇਸ਼ ਅੰਦਰ ਰਾਜਨੀਤਕ ਤੌਰ ਤੇ ਭਾਰਤੀ ਜਨਤਾ ਪਾਰਟੀ ਅਗਵਾਈ ਕਰ ਰਹੀ ਹੈ।
ਉਹਨਾਂ ਆਖਿਆ ਕਿ ਰਾਜਨੀਤਿਕ ਅਵਸਥਾ ਦਾ ਵਿਸ਼ਲੇਸ਼ਣ ਇਹ ਦਰਸਾ ਰਿਹਾ ਹੈ ਕਿ ਐਨ.ਡੀ.ਏ. ਦੀ ਹਾਰ ਦਿਨੋ ਦਿਨ ਨਿਸ਼ਚਿਤ ਹੁੰਦੀ ਜਾ ਰਹੀ ਹੈ ਅਤੇ ਮੋਦੀ ਦਾ ਮਖੌਟਾ ਉਤਰਦਾ ਜਾ ਰਿਹਾ ਹੈ ਅਤੇ ਜਨਤਾ ਦਾ ਧਿਆਨ ਭਟਕਾਉਣ ਦੀਆਂ ਉਸ ਦੀਆਂ ਚਾਲਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਉਨ੍ਹਾਂ ਆਖਿਆ ਕਿ ਮੋਦੀ ਨੇ ਅੱਜਤੱਕ ਜਿੰਨੇ ਵੀ ਵਾਅਦੇ ਜਨਤਾ ਨਾਲ ਕੀਤੇ ਉਨਾਂ ਵਿਚੋਂ ਕੋਈ ਵੀ ਪੂਰਾ ਨਹੀ ਹੋਇਆ ਭਾਵੇਂ ਕਾਲਾ ਧਨ ਵਾਪਸ ਆਉਣ ਤੇ 15-15 ਲੱਖ ਖਾਤਿਆਂ ਵਿੱਚ ਪਾਉਣ ਦਾ ਲਾਰਾ ਹੋਵੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜਾਂ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਲਾਰਾ ਹੋਵੇ।
ਉਨ੍ਹਾਂ ਆਖਿਆ ਕਿ ਭਾਜਪਾ ਦੁਆਰਾ ਹੁਣ ਦਿੱਤੀਆਂ ਜਾ ਰਹੀਆਂ ਗਰੰਟੀਆਂ ਦਾ ਵੀ ਇਹੋ ਹਸ਼ਰ ਹੋਵੇਗਾ। 2047 ਤੱਕ ਵਿਕਸਤ ਭਾਰਤ ਬਣਾਉਣ ਦਾ ਨਾਰ੍ਹਾ ਵੀ ਮੁੰਗੇਰੀ ਲਾਲ ਦੇ ਸੁਪਨੇ ਵਿਖਾਉਣ ਦੇ ਬਰਾਬਰ ਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟਾਂ ਤੋਂ ਮੋਟੇ ਚੰਦੇ ਲੈ ਕੇ ਉਨ੍ਹਾਂ ਨੂੰ ਦੇਸ਼ ਦੇ ਸਾਰੇ ਕਾਰੋਬਾਰ ਅਤੇ ਸੰਪਤੀ ਕੌਡੀਆਂ ਦੇ ਭਾਅ ਵੇਚ ਰਹੀ ਹੈ ਅਤੇ ਜਨਤਾ ਨੂੰ ਲੁੱਟਣ ਦਾ ਲਾਇਸੈਂਸ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਧਾਰਮਿਕ ਫਿਰਕਾਪ੍ਰਸਤੀ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਹਰ ਥਾਂ ਤੇ ਭਾਜਪਾ ਦੀ ਹਾਰ ਯਕੀਨੀ ਬਣਾਈ ਜਾਵੇ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਕਾਮ:ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਪੰਜਾਬ ਵਿੱਚ ਪਾਰਟੀ ਇੱਕ ਲੋਕ ਸਭਾ ਸੀਟ ਜਲੰਧਰ ਤੋਂ ਲੜ ਰਹੀ ਹੈ ਜਿੱਥੇ ਉਮੀਦਵਾਰ ਸਾਥੀ ਪ੍ਰਸ਼ੋਤਮ ਲਾਲ ਬਿਲਗਾ ਜੀ ਹਨ। ਉਹਨਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਸਾਡੇ ਜ਼ਿਲ੍ਹੇ ਦੀ ਡਿਊਟੀ ਆਦਮਪੁਰ ਹਲਕੇ ਵਿੱਚ ਲੱਗੀ ਹੈ ਜਿਥੇ ਵੱਖ-ਵੱਖ ਟੀਮਾਂ ਬਣਾ ਕੇ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਲੱਗਿਆ ਫੰਡ ਕੋਟਾ ਵੀ ਪੂਰਾ ਕੀਤਾ ਜਾਵੇਗਾ।
13 ਮਈ ਨੂੰ ਉਮੀਦਵਾਰ ਵਲੋਂ ਕਾਗਜ਼ ਦਾਖਲ ਕਰਨ ਸਮੇਂ ਜ਼ਿਲ੍ਹੇ ਤੋਂ 100 ਸਾਥੀ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਪਹੰੁਚਣਗੇ। 1 ਮਈ ਮਜ਼ਦੂਰ ਦਿਵਸ ਚਾਰੇ ਤਹਿਸੀਲਾਂ ਅੰਦਰ ਮਨਾਇਆ ਜਾਵੇਗਾ। ਇਸ ਮੌਕੇ ਸਾਥੀ ਜਗਦੀਸ਼ ਚੋਹਕਾ ਅਤੇ ਰਾਜਿੰਦਰ ਕੌਰ ਚੋਹਕਾ ਨੇ ਚੀਮਾ ਭਵਨ ਦੇ ਪ੍ਰਬੰਧਾਂ ਲਈ 31,000/- ਰੁਪਏ ਦੀ ਥੈਲੀ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੂੰ ਭੇਂਟ ਕੀਤੀ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਆਸ਼ਾ ਨੰਦ, ਰਣਜੀਤ ਸਿੰਘ ਚੋਹਾਨ ਅਤੇ ਹਰਬੰਸ ਸਿੰਘ ਧੂਤ ਹਾਜ਼ਰ ਸਨ।