ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਜਾਰੀ
ਹੁਸ਼ਿਆਰਪੁਰ, 19 ਅਪ੍ਰੈਲ : ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 5 ਮਈ 2024 ਨੂੰ ਹੋ ਰਹੀ ‘ਨੀਟ (ਯੂ. ਜੀ)-2024’ ਪ੍ਰੀਖਿਆ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਹਦੂਦ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਸਿਟੀ ਕੁਆਰਡੀਨੇਟਰ-ਨੀਟ ਯੂ.ਜੀ ਹੁਸ਼ਿਆਰਪੁਰ ਕਿਰਨਪ੍ਰੀਤ ਕੌਰ ਧਾਮੀ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਵੱਲੋਂ ਜਾਰੀ ਅਰਧ ਸਰਕਾਰੀ ਪੱਤਰ ਦੀ ਕਾਪੀ ਭੇਜ ਕਿ ਸੂਚਿਤ ਕੀਤਾ ਗਿਆ ਹੈ ਕਿ 5 ਮਈ 2024 ਨੂੰ ‘ਨੀਟ (ਯੂ.ਜੀ)-2024’ ਪੇਪਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਾਪਿਤ ਕੀਤੇ ਗਏ ਸੈਂਟਰਾਂ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਖਜੂਰ, ਟਾਂਡਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਆਰਮੀ ਪਬਲਿਕ ਸਕੂਲ ਉੱਚੀ ਬੱਸੀ, ਡਾਕਘਰ ਲਮੀਨ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਕਿ ਪ੍ਰੀਖਿਆ/ਟੈਸਟ ਦੌਰਾਨ ਪ੍ਰੀਖਿਆਰਥੀਆਂ ਦੇ ਰਿਸ਼ਤੇਦਾਰ ਅਤੇ ਹੋਰ ਵਿਅਕਤੀ ਆਦਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਕੱਤਰ ਹੋ ਜਾਂਦੇ ਹਨ, ਜਿਸ ਕਾਰਨ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਵਿਚ ਵਿਘਨ ਪੈ ਸਕਦਾ ਹੈ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰੀਖਿਆਵਾਂ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਸੀ.ਆਰ.ਪੀ.ਸੀ ਦੀ ਧਾਰਾ 144 ਲਗਾਈ ਜਾਵੇ। ਇਹ ਹੁਕਮ 5 ਮਈ 2024 ਤੋਂ 5 ਮਈ 2024 ਤੱਕ ਲਾਗੂ ਰਹਿਣਗੇ।