ਸਿਵਲ ਸਰਜਨ ਵੱਲੋਂ ਵੱਖ ਵੱਖ ਸਿਹਤ ਮੁੱਦਿਆਂ ਤੇ ਬਲਾਕ ਟਾਂਡਾ ਦੇ ਫੀਲਡ ਸਟਾਫ ਨਾਲ ਕੀਤੀ ਗਈ ਮੀਟਿੰਗ
ਹੁਸ਼ਿਆਰਪੁਰ 9 ਅਪ੍ਰੈਲ : ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਅੱਜ ਬਲਾਕ ਪੀਐਚਸੀ ਟਾਂਡਾ ਵਿਖੇ ਦੌਰਾ ਕੀਤਾ ਗਿਆ। ਉਨ੍ਹਾਂ ਸਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਅਤੇ ਪੀਐਚਸੀ ਤੇ ਦਿੱਤੀਆਂ ਜਾਂਦੀਆਂ ਸਮੁੱਚੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਪਰੰਤ ਉਹਨਾਂ ਐਮਐਮਓ ਡਾ. ਕਰਨ ਕੁਮਾਰ ਸੈਣੀ, ਬਲਾਕ ਦੀਆਂ ਐਲਐਚਵੀ, ਏਐਨਐਮ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨਾਲ ਮੀਟਿੰਗ ਕਰਕੇ ਵੱਖ ਵੱਖ ਸਿਹਤ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਹਨਾਂ ਦੇ ਨਾਲ ਭੁਪਿੰਦਰ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ ਵੀ ਮੌਜੂਦ ਸਨ।
ਡਾ.ਡਮਾਣਾ ਨੇ ਸਭ ਤੋਂ ਪਹਿਲਾਂ ਮਾਤਰੀ ਮੌਤ ਦਰ ਨੂੰ ਘੱਟ ਕਰਨ ਦੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਹਰ ਗਰਭਵਤੀ ਔਰਤ ਰਜਿਸਟਰਡ ਹੋਵੇ। ਉਹਨਾਂ ਵਿਚੋਂ ਹਾਈ ਰਿਸਕ ਗਰਭਵਤੀਆਂ ਦੀ ਪਹਿਚਾਨ ਕਰਕੇ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਹਦਾਇਤ ਕਰਦਿਆਂ ਕਿਹਾ ਕਿ ਗਰਭਵਤੀ ਔਰਤਾਂ ਦੇ ਅਨੀਮੀਆ ਪੱਧਰ ਤੇ ਵੀ ਵਿਸ਼ੇਸ਼ ਫੋਕਸ ਰੱਖਿਆ ਜਾਵੇ। ਕਿਸੇ ਵੀ ਗਰਭਵਤੀ ਔਰਤ ਦੀ ਮੌਤ ਅਨੀਮੀਆ ਕਾਰਣ ਨਹੀਂ ਹੋਣੀ ਚਾਹੀਦੀ।
ਸਿਵਲ ਸਰਜਨ ਨੇ ਕਿਹਾ ਕਿ ਕੋਈ ਹੋਮ ਡਿਲਿਵਰੀ ਨਹੀਂ ਹੋਣੀ ਚਾਹੀਦੀ ਇਸ ਗੱਲ ਨੂੰ ਸੁਨਿਸ਼ਚਤ ਕੀਤਾ ਜਾਵੇ। ਉਨ੍ਹਾਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਵੱਧ ਤੋਂ ਵੱਧ ਆਭਾ ਆਈਡੀ ਬਣਾਉਣ ਬਾਰੇ ਪ੍ਰੇਰਿਤ ਕੀਤਾ।