ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ਤੋਂ ਮਿੱਟੀ ਅਤੇ ਕੂੜਾ-ਕਰਕਟ ਸਾਫ ਕਰਨ ਲਈ ਵਿਸ਼ੇਸ਼ ਟੀਮ ਗਠਿਤ
ਹੁਸ਼ਿਆਰਪੁਰ, 26 ਮਾਰਚ : ਕਮਿਸ਼ਨਰ ਨਗਰ ਨਿਗਮ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਜੰਮੀ ਮਿੱਟੀ ਅਤੇ ਕੂੜਾ-ਕਰਕਟ ਨੂੰ ਸਾਫ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਸ ਦਾ ਕੰਮ ਰੋਜ਼ਾਨਾ ਸ਼ਹਿਰ ਦੇ ਪ੍ਰਮੁੱਖ ਚੌਕਾਂ, ਜਿਵੇਂ ਕਿ ਬੱਸ ਸਟੈਂਡ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਹਾਰਾਣਾ ਪ੍ਰਤਾਪ ਚੌਕ, ਸੈਸ਼ਨ ਚੌਕ, ਟਾਂਡਾ ਚੌਕ ਆਦਿ ਅਤੇ ਪ੍ਰਮੁੱਖ ਸੜਕਾਂ, ਸੈਂਟਰ ਵਰਜਾਂ ਦੀ ਸਾਫ-ਸਫਾਈ ਅਤੇ ਸੁੰਦਰੀਕਰਨ ਕਰਨਾ ਹੋਵੇਗਾ,
ਤਾਂ ਜੋ ਸ਼ਹਿਰ ਵਿਚ ਦਾਖ਼ਿਲ ਹੁੰਦੇ ਹੀ ਸ਼ਹਿਰ ਸਾਫ-ਸੁਥਰਾ ਦਿਖਾਈ ਦੇਵੇੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ-ਕਰਕਟ ਆਪਣੇ ਸਫ਼ਾਈ ਸੇਵਕ ਨੂੰ (ਗਿੱਲਾ ਅਤੇ ਸੁੱਕਾ ਕੂੜਾ) ਵੱਖ-ਵੱਖ ਕਰਕੇ ਦੇਣ ਅਤੇ ਇਸ ਨੂੰ ਖੁੱਲ੍ਹੇ ਵਿਚ ਸੁੱਟ ਕੇ ਸ਼ਹਿਰ ਦੇ ਅਕਸ ਨੂੰ ਨਾ ਖ਼ਰਾਬ ਕਰਨ ਅਤੇ ਕਿਸੇ ਵੀ ਹਾਲਾਤ ਵਿਚ ਦੁਕਾਨਾਂ ਦਾ ਕੂੜਾ ਸੈਂਟਰ ਵਰਜਾਂ ਉਪਰ ਨਾ ਸੁਟਿੱਆ ਜਾਵੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਵੱਖ-ਵੱਖ ਸਮਿਆਂ ’ਤੇ ਸਵੱਛਤਾ ਪ੍ਰਤੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਹੋਰ ਹੁੰਗਾਰਾ ਮਿਲੇਗਾ, ਜੇਕਰ ਸ਼ਹਿਰਵਾਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੂੜੇ ਦੇ ਸਹੀ ਢੰਗ ਨਾਲ ਨਿਪਟਾਰੇ ਵਿਚ ਆਪਣਾ ਸਹਿਯੋਗ ਦੇਣ।