ਪੋਲੀਓ ਜਿਹੀ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਰਿਆਂ ਦਾ ਮੁੱਢਲਾ ਫਰਜ਼: ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ 3 ਮਾਰਚ: ‘ਦੋ ਬੂੰਦ ਹਰ ਵਾਰ, ਪੋਲੀਓ ਤੇ ਜਿੱਤ ਰਹੇ ਬਰਕਰਾਰ’ ਦੇ ਨਾਅਰੇ ਨਾਲ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਸ਼ੁੱਭ ਆਰੰਭ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਜੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੁਸ਼ਿਆਰਪੁਰ ਵਿਖੇ ਲਾਇਜ਼ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ ਪੋਲੀਓ ਬੂਥ ਵਿਖੇ ਨਵ ਜੰਮੇ ਅਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ ਪਵਨ ਕੁਮਾਰ, ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ, ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਲਾਇੰਜ ਕਲੱਬ ਤੋਂ ਵਿਜੈ ਅਰੋੜਾ ਅਤੇ ਸਮੂਹ ਮੈਂਬਰਾਂ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਹੋਇਆ। ਇਸ ਮੌਕੇ ਏਐਨਐਮ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਗਿੱਧਾ ਵੀ ਪੇਸ਼ ਕੀਤਾ ਗਿਆ।
ਸਿਹਤ ਵਿਭਾਗ ਦੀ ਇਸ ਮੁਹਿੰਮ ਬਾਰੇ ਆਖਦਿਆਂ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਤੋਂ ਸਾਡਾ ਦੇਸ਼ ਮੁਕਤ ਹੋ ਚੁੱਕਾ ਹੈ ਪਰ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਪੋਲੀਓ ਵਾਇਰਸ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਸਾਨੂੰ ਅਜੇ ਵੀ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਜਰੂਰੀ ਹਨ। ਯਾਦ ਰੱਖੋ ਕਿ ਪੋਲੀਓ ਨੂੰ ਵਾਪਸ ਆਉਣ ਦਾ ਮੌਕਾ ਨਾ ਮਿਲੇ, ਇਸ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਆਪਣੇ ਬੱਚੇ ਨੂੰ ਪੋਲੀਓ ਦੀ ਇਹ ਵਾਧੂ ਖੁਰਾਕ ਜਰੂਰ ਦਵਾਓ, ਤਾਕਿ ਤੁਹਾਡੇ ਬੱਚੇ ਨੂੰ ਮਿਲੇ ਪੋਲੀਓ ਤੋਂ ਪੱਕੀ ਸੁਰੱਖਿਆ।
ਜਿਲ੍ਹੇ ਵਿੱਚ ਇਸ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਰੂਪ ਵਿੱਚ ਪੁੱਜੇ ਡਿਪਟੀ ਡਾਇਰੈਕਟਰ ਡਾ ਪਵਨ ਕੁਮਾਰ ਨੇ ਕਿਹਾ ਕਿ ਪੋਲੀਓ ਮੁਹਿੰਮ ਵਿੱਚ ਸਭ ਦਾ ਪੂਰਾ ਸਹਿਯੋਗ ਹੀ ਇੱਕ ਕਦਮ ਦੇਸ਼ ਦੀ ਤੱਰਕੀ ਵਿੱਚ ਭਾਗੀਦਾਰ ਬਣਨ ਦਾ ਹੈ, ਆਓ ਆਪਾਂ ਸਾਰੇ ਮਿਲਕੇ ਪੋਲੀਓ ਮੁਕਤ ਭਾਰਤ ਬਣਾਈਏ। ਜਿਲ੍ਹੇ ਦੀ ਪੋਲੀਓ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ 0 ਤੋਂ 5 ਸਾਲ ਦੇ ਪਹਿਚਾਨ ਕੀਤੇ ਗਏ 133749 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਉਲੀਕੀ ਗਈ ਹੈ ਜਿਨ੍ਹਾਂ ਵਿੱਚੋਂ ਅੱਜ ਪਹਿਲੇ ਦਿਨ ਬੂਥ ਗਤੀਵਿਧੀਆਂ ਤਹਿਤ 797 ਸਥਾਈ ਬੂਥਾਂ, 24 ਟਰਾਂਜਿਟ ਬੂਥਾਂ ‘ਤੇ 21 ਮੋਬਾਈਲ ਟੀਮਾਂ ਵੱਲੋਂ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ।
ਡਾ ਸੀਮਾ ਗਰਗ ਨੇ ਦੱਸਿਆ ਕਿ ਇੱਕ ਵਿਸ਼ੇਸ਼ ਟੀਮ ਸ਼ਹਿਰ ਹੁਸ਼ਿਆਰਪੁਰ ਵਿਖੇ ਚੱਲ ਰਹੇ ਨੇਚਰ ਫੈਸਟ ਵਿਖੇ ਵੀ ਲਗਾਈ ਗਈ ਹੈ। ਇਸ ਪੂਰੀ ਮੁਹਿੰਮ ਦੀ ਦੇਖ ਰੇਖ ਜਿਲ੍ਹਾ ਪੱਧਰ ਦੇ ਅਧਿਕਾਰੀਆਂ, ਵਿਸ਼ਵ ਸਿਹਤ ਸੰਗਠਨ ਦੇ ਨੁਮਾਂਇੰਦਿਆਂ ਅਤੇ ਤੈਨਾਤ ਕੀਤੇ 177 ਨਿਗਰਾਨ ਅਫਸਰਾਂ ਵੱਲੋਂ ਕੀਤੀ ਗਈ। ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਕਿਸੇ ਕਾਰਣ ਕਰਕੇ ਬੂਥ ਤੇ ਜਾ ਕੇ ਪੋਲੀਓ ਬੂੰਦਾਂ ਨਹੀਂ ਪੀ ਸਕਿਆਂ, ਉਹ 4 ਅਤੇ 5 ਮਾਰਚ ਨੂੰ ਘਰ ਘਰ ਜਾ ਕੇ ਬੂੰਦਾਂ ਪਿਲਾਉਣ ਲਈ ਬਣਾਈਆਂ ਗਈਆਂ ਟੀਮਾਂ ਨੂੰ ਪੂਰਾ ਸਹਿਯੋਗ ਕਰਨ ਤਾਂ ਕਿ ਕੋਈ ਵੀ ਬੱਚਾ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।