ਪੋਲੀਓ ਖੁਰਾਕ ਪੀਣ ਨਾਲ ਹੀ ਪੋਲੀਓ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ: ਸੰਜੀਵ ਅਰੋੜਾ
ਹੁਸ਼ਿਆਰਪੁਰ : ਦੇਸ਼ ਭਰ ਵਿੱਚ ਚਲਾਈ ਜਾ ਰਹੀ ਪਲਸ ਪੋਲਿਓ ਮੁਹਿੰਮ ਦੇ ਤਹਿਤ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਪਿਲਾਉਣ ਲਈ ਕਮਾਲਪੁਰ ਚੌਂਕ, ਟੈੰਪੂ ਅੱਡਾ, ਹੁਸ਼ਿਆਰਪੁਰ ਵਿਖੇ ਲਗਾਏ ਗਏ ਬੂਥ ਵਿੱਚ ਸਹਿਯੋਗ ਕਰਨ ਲਈ ਪ੍ਰਧਾਨ ਰਜਿੰਦਰ ਮੌਦਗਿਲ ਦੀ ਅਗਵਾਈ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਪਹੁੰਚੇ।
ਇਸ ਮੌਕੇ ਤੇ ਉੱਘੇ ਸਮਾਜਸੇਵੀ ਅਤੇ ਸੂਬਾਈ ਕਨਵੀਨਰ ਸੰਜੀਵ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਹੈਲਥ ਵਰਕਰਸ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਈਆਂ । ਮੌਕੇ ਤੇ ਬੋਲਦੇ ਹੋਏ ਸੂਬਾਈ ਕਨਵੀਨਰ ਸੰਜੀਵ ਅਰੋੜਾ ਨੇ ਕਿਹਾ ਕਿ ਭਾਰਤ ਨੇ ਡਬਲੂ.ਐਚ.ਓ ਦੇ ਗਲੋਬਲ ਪੋਲੀਓ ਖਾਤਮੇ ਦੇ ਉਪਰਾਲੇ ਦੇ ਸਦਕਾ 1995 ਵਿੱਚ ਪਲਸ ਪੋਲੀਓ ਟੀਕਾਕਰਨ (ਪੀ.ਪੀ.ਆਈ) ਪ੍ਰੋਗਰਾਮ ਸ਼ੁਰੂ ਕੀਤਾ ਸੀ।
ਇਸ ਪ੍ਰੋਗਰਾਮ ਤਹਿਤ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਖਤਮ ਹੋਣ ਤੱਕ ਹਰ ਸਾਲ ਦਸੰਬਰ ਤੇ ਜਨਵਰੀ ਮਹੀਨੇ ਵਿੱਚ ਓਰਲ ਪੋਲੀਓ ਦੀ ਦੋ ਖੁਰਾਕਾਂ ਪਿਲਾਈਆਂ ਜਾਂਦੀਆਂ ਹਨ। ਇਸ ਮੌਕੇ ਪ੍ਰਧਾਨ ਰਜਿੰਦਰ ਮੌਦਗਿਲ ਨੇ ਕਿਹਾ ਕਿ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਅਜੇ ਵੀ ਕੁਝ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਹੈ, ਜਿਸ ਦੀ ਫਿਰ ਤੋਂ ਵਾਪਿਸ ਆਉਣ ਦੀ ਸੰਭਾਵਨਾ ਬਣੀ ਹੋਈ ਹੈ । ਆਪਣੇ ਬੱਚਿਆਂ ਦੀ ਸੁਰੱਖਿਆ ਲਈ ਸਾਨੂੰ ਕੋਈ ਵੀ ਚੂਕ ਨਹੀਂ ਹੋਣ ਦੇਣੀ ਚਾਹੀਦੀ ।
ਇਸ ਲਈ ਪੋਲੀਓ ਦੀ ਖੁਰਾਕ ਆਪਣੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਰੂਰ ਪਿਲਾਓ ਤਾਂ ਕਿ ਦੇਸ਼ ਨੂੰ ਪੋਲੀਓ ਮੁਕਤ ਬਣਾਈ ਰੱਖਿਆ ਜਾ ਸਕੇ। ਇਸ ਮੌਕੇ ਸੰਜੀਵ ਅਰੋੜਾ, ਰਜਿੰਦਰ ਮੋਦਗਿਲ, ਦਵਿੰਦਰ ਅਰੋੜਾ, ਅਮਰਜੀਤ ਸ਼ਰਮਾ, ਸਟਾਫ ਨਰਸ ਸੰਦੀਪ ਸੈਣੀ, ਸਿੰਮੀ ਰੁਮਾਨ ਅਤੇ ਕੋਮਲ ਆਦਿ ਮੌਜੂਦ ਸਨ।