ਅਵਾਰਾ ਕੁੱਤਿਆਂ ਅਤੇ ਲਵਾਰਿਸ ਪਸ਼ੂਧਨ ਨੂੰ ਸੜਕਾਂ ਤੋਂ ਚੁੱਕ ਕੇ ਰੱਖਣ ਦਾ ਉਚਿਤ ਪ੍ਰਬੰਧ ਕਰੇ ਨਗਰ ਨਿਗਮ: ਅਸ਼ਵਨੀ ਗੈਂਦ
ਹੁਸ਼ਿਆਰਪੁਰ : ਨਈ ਸੋਚ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਦੀ ਪ੍ਰਧਾਨਗੀ ਵਿੱਚ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ ਮੱਟੂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕੀ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ, ਲਵਾਰਿਸ ਗਊਧਨ ਜਿਨ੍ਹਾਂ ਕਾਰਨ ਸ਼ਹਿਰਵਾਸੀਆਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ, ਨੂੰ ਸੜਕਾਂ ਤੋਂ ਸੰਭਾਲ ਕੇ ਕਿਸੀ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ।
ਅਸ਼ਵਨੀ ਗੈਂਦ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿਟੂ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਦੁਆਰਾ 5-6 ਮੰਗਾਂ ਕੀਤੀਆਂ ਗਈਆਂ ਹਨ ਅਤੇ ਸੁਝਾਅ ਦਿੱਤੇ ਗਏ ਹਨ। ਨਗਰ ਨਿਗਮ ਦੀ ਗਊਸ਼ਾਲਾ ਨੂੰ ਵੀ ਸਹੀ ਢੰਗ ਨਾਲ ਚਲਾਉਣ ਦੇ ਪ੍ਰਬੰਧ ਕਰਨ, ਅਵਾਰਾ ਕੁੱਤਿਆਂ ਦੇ ਲਈ ਏ.ਬੀ.ਸੀ.ਪ੍ਰੋਜੈਕਟ ਚਾਲੂ ਕਰਵਾਉਣ ਅਤੇ ਪੰਜਾਬ ਸਰਕਾਰ ਦੁਆਰਾ ਸਾਂਡਾ ਨਾਲ ਮਰਨ ਵਾਲਿਆਂ ਨੂੰ ਆਰਥਿਕ ਸਹਾਇਤਾ ਜੋ ਕਿ 5 ਲੱਖ ਨਿਸ਼ਚਿਤ ਕੀਤੀ ਗਈ ਹੈ ਅਤੇ ਨੀਤਿਨ ਕੁਮਾਰ ਜੋ ਕਿ 27 ਸਤੰਬਰ 2023 ਨੂੰ ਲਵਾਰਿਸ ਸਾਂਡ ਦੁਆਰਾ ਐਕਸੀਡੈਂਟ ਵਿੱਚ ਮਾਰਿਆ ਗਿਆ ਸੀ ਨੂੰ ਮੁਆਵਜਾਂ ਦਿਲਾਉਣ ਦਾ ਪ੍ਰਬੰਧ ਕਰਨ ਦੇ ਸਬੰਧ ਵਿੱਚ ਮੰਗਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਤੇ ਕਮਿਸ਼ਨਰ ਜੋਤੀ ਬਾਲਾ ਮੱਟੂ ਅਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਕਿਹਾ ਕਿ ਨਈ ਸੋਚ ਸੰਸਥਾਂ ਜੋ ਕਿ ਗਊਧਨ ਦੀ ਸੰਭਾਲ ਦੇ ਲਈ ਕਾਫੀ ਸਮੇਂ ਤੋਂ ਯੋਗਦਾਨ ਦੇ ਰਹੀ ਹੈ, ਦੀਆਂ ਮੰਗਾਂ ਜਾਇਜ਼ ਹਨ। ਉਨਾਂ ਕਿਹਾ ਕਿ ਏ.ਬੀ.ਸੀ. ਪ੍ਰੋਜੈਕਟ ਪਸ਼ੂ ਪਾਲਣ ਵਿਭਾਗ ਦੇ ਨਾਲ ਮਿਲ ਕੇ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਐਮ.ਓ.ਯੂ. ਸਾਈਨ ਹੋ ਚੁੱਕਿਆ ਹੈ ਅਤੇ ਨਈ ਸੋਚ ਸੰਸਥਾਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਜਲਦੀ ਹੀ ਲਵਾਰਿਸ ਗਊਧਨ ਨੂੰ ਪਕੜ ਕੇ ਗਊਸ਼ਾਲਾਵਾਂ ਵਿੱਚ ਪਹੁੰਚਾਇਆ ਜਾਵੇਗਾ।
ਇਸ ਮੌਕੇ ਤੇ ਰਾਜੇਸ਼ ਸ਼ਰਮਾ, ਅਸ਼ੋਕ ਸ਼ਰਮਾ, ਨੀਰਜ ਗੈਂਦ, ਸੋਨੂੰ ਟੰਡਨ, ਸ਼ਿਵਮ ਗੈਂਦ, ਮਯੰਕ ਜੋਸ਼ੀ, ਜਤਿਨ ਸ਼ਰਮਾ, ਅਦਿੱਤਿਆ, ਮਨੀ ਆਦਿ ਮੌਜੂਦ ਸਨ।