ਸੀਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਲਗਾਈਆਂ ਜਾ ਰਹੀਆਂ ਹਨ 320 ਯੋਗ ਕਲਾਸਾਂ
ਹੁਸ਼ਿਆਰਪੁਰ, 20 ਫਰਵਰੀ: ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੀ ਹੁਸ਼ਿਆਰਪੁਰ ਦੀ ਸੁਪਰਵਾਈਜਰ ਮਾਧਵੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸੀ.ਐਮ ਦੀ ਯੋਗਸ਼ਾਲਾ ਦੇ ਸਟੇਟ ਕੰਸਲਟੈਂਟ ਕਮਲੇਸ਼ ਮਿਸ਼ਰਾ ਅਤੇ ਅਮਰੇਸ਼ ਝਾਅ ਦੇ ਨਿਰਦੇਸ਼ਨ ਵਿਚ ਪੂਰੇ ਪੰਜਾਬ ਵਿਚ ਯੋਗਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਹੁਸ਼ਿਆਰਪੁਰ ਦੇ ਭਾਗ ਸਿੰਘ ਨਗਰ ਗਲੀ 11 ਵਿਚ ਪ੍ਰਤੀ ਦਿਨ ਸ਼ਾਮ 3 ਵਜੇ ਤੋਂ 4 ਵਜੇ ਤੱਕ ਯੋਗ ਆਚਾਰੀਆ ਤੁਲਸੀ ਰਾਮ ਸਾਹੂ ਦੁਆਰਾ ਯੋਗ ਦੀ ਕਲਾਸ ਲਗਾਈ ਜਾ ਰਹੀ ਹੈ।
ਸੁਪਰਵਾਈਜਰ ਮਾਧਵੀ ਸਿੰਘ ਨੇ ਦੱਸਿਆ ਕਿ ਇਸ ਪ੍ਰਕਾਰ ਹੁਸ਼ਿਆਰਪੁਰ ਸ਼ਹਿਰ ਵਿਚ 100 ਯੋਗ ਕਲਾਸਾਂ ਤੋਂ ਇਲਾਵਾ ਜ਼ਿਲ੍ਹੇ ਵਿਚ ਦਸੂਹਾ, ਮੁਕੇਰੀਆਂ, ਟਾਂਡਾ, ਹਾਜੀਪੁਰ, ਤਲਵਾੜਾ, ਭੂੰਗਾ, ਹਰਿਆਣਾ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਪਾਰਕ, ਗੁਰਦੁਆਰਾ, ਮੰਦਰਾਂ ਦੇ ਵਿਹੜੇ ਵਿਚ ਲਗਭਗ 220 ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗ ਆਚਾਰਿਆ ਨੇ ਦੱਸਿਆ ਕਿ ਯੋਗ ਨਾਲ ਸਰੀਰਕ, ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਯੋਗ ਅਭਿਆਸ ਦੇ ਨਾਲ-ਨਾਲ ਰੂਟੀਨ ਸਹੀ ਰੱਖਣ ਦੇ ਸੁਝਾਅ ਅਤੇ ਵੱਖ-ਵੱਖ ਰੋਗਾਂ ਅਨੁਸਾਰ ਯੋਗ ਆਸਨਾਂ ਦਾ ਅਭਿਆਸ ਵੀ ਕਰਾਇਆ ਜਾਂਦਾ ਹੈ।
ਯੋਗ ਗਰੁੱਪ ਦੀ ਸ਼ਰਧਾ ਅਤੇ ਪ੍ਰਵੀਨ ਨੇ ਆਪਣਾ ਅਨੁਭਵ ਦੱਸਦਿਆਂ ਕਿਹਾ ਕਿ ਯੋਗ ਨਾਲ ਮਹਿਲਾਵਾਂ ਨੂੰ ਕਾਫ਼ੀ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਗੋਡਿਆ ਦਾ ਦਰਦ, ਕਮਰ ਦਰਦ, ਸਰਵਾਈਕਲ, ਸਾਹ ਚੜ੍ਹਨਾ, ਨੀਂਦ ਨਾ ਆਉਣਾ, ਬਲੱਡ ਪ੍ਰੈਸ਼ਰ ਅਤੇ ਮੁਟਾਪਾ ਵਰਗੀਆਂ ਹੋਰ ਬਿਮਾਰੀਆਂ ਤੋਂ ਰਾਹਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਟਰੇਂਡ ਯੋਗ ਟੀਚਰ ਭੇਜਣ ਨਾਲ ਪੂਰੇ ਸੂਬੇ ਵਿਚ ਸਿਹਤਮੰਦ ਮਾਹੌਲ ਬਣਿਆ ਹੈ ਅਤੇ ਯੋਗਸ਼ਾਲਾਵਾਂ ਨੂੰ ਲੋਕਾਂ ਤੱਕ ਪਹੁੰਚਾਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਸਾਡੇ ਹਜ਼ਾਰਾਂ ਰੁਪਏ ਦਵਾਈ ’ਤੇ ਖਰਚ ਹੋਣ ਤੋਂ ਬੱਚ ਰਹੇ ਹਨ। ਉਨ੍ਹਾਂ ਇਸ ਬਿਹਤਰੀਨ ਪ੍ਰੋਗਰਾਮ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਵੀ ਕੀਤਾ।