ਵਿਧਾਇਕ ਕਲਸੀ ਦੇ ਯਤਨਾਂ ਸਦਕਾ ਕਈ ਸਾਲਾਂ ਤੋਂ ਬੰਦ ਪਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਦੇ ਖੁੱਲੇ ਭਾਗ
ਬਟਾਲਾ, 18 ਫਰਵਰੀ : ਬਟਾਲਾ ਦੇ ਨੋਜਵਾਨ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਇੱਕ ਹੋਰ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਬੰਦ ਪਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ, ਬਟਾਲਾ ਦੇ ਭਾਗ ਖੁੱਲੇ ਹਨ ਅਤੇ ਕੈਂਪਸ ਵਿੱਚ ਦੁਬਾਰਾ ਰੌਣਕਾਂ ਪਰਤੀਆਂ ਹਨ। ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਲਗਾਤਾਰ ਯਤਨਾਂ ਸਦਕਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ, ਬਟਾਲਾ ਵਿਖੇ ਮੁੜ ਕੋਰਸਾਂ ਦੀ ਸ਼ੁਰੂਆਤ ਹੋਈ ਹੈ।
ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ, ਉਨ੍ਹਾਂ ਵਲੋਂ ਬੰਦ ਪਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਟਾਲਾ ਕੈਂਪਸ, ਕਾਹਨੂੰਵਾਨ ਰੋਡ ਬਟਾਲਾ ਵਿਖੇ ਨਵੇਂ ਕੋਰਸ ਚਾਲੂ ਕਰਨ ਸਬੰਧੀ, ਉਨ੍ਹਾਂ ਵਲੋਂ 2 ਪੱਤਰ ਲਿਖੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ, ਨਵੇਂ ਸ਼ੈਸਨ 2024-2025 ਵਿੱਚ 2 ਕੋਰਸ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਲਈ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾਂ ਹਾਂ ਕਿ ਭਵਿੱਖ ਵਿੱਚ ਹੋਰ ਨਵੇਂ ਕੋਰਸ ਦੇ ਕੇ ਬੱਚਿਆਂ ਦੇ ਉਜਵਲ ਭਵਿੱਖ ਲਈ ਪੂਰਨ ਸਹਿਯੋਗ ਕੀਤਾ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਪੱਤਰ 18 ਅਪਰੈਲ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ, ਐਸ ਕੇ ਮਿਸ਼ਰਾ, ਰਜਿਸਟਰਾਰ ਪੀਟੀਯੂ ਜਲੰਧਰ ਅਤੇ ਡੀਨ ਅਕੈਡਮਿਕ ਅੰਮਿ੍ਤਸਰ ਵਿਕਾਸ ਚਾਵਲਾ ਨੂੰ ਲਿਖਿਆ ਤੇ ਬੇਨਤੀ ਕੀਤੀ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕੈਂਪਸ ਬਟਾਲਾ ਸਾਲ 2012/2013 ਵਿੱਚ ਸ਼ੁਰੂ ਹੋਇਆ ਸੀ ਪਰ ਬਦਕਿਸਮਤੀ ਨਾਲ ਮਈ 2018 ਤੋਂ ਇਥੇ ਦਾਖਲਾ ਬੰਦ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕੈਂਪਸ ਵਿੱਚ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਸੰਸਥਾ ਵਿੱਚ ਵਿਦਿਆਰਥੀ ਇਲੈਕਟਰੀਕਲ, ਇਲੈਕਟਰੋਨਿਕ ਅਤੇ ਮਕੈਨੀਕਲ ਇੰਜੀਨਰਿੰਗ ਦੇ ਕੋਰਸ ਕਰਦੇ ਸਨ। ਟੀਚਿੰਗ ਸਟਾਫ ਅੰਮਿ੍ਤਸਰ ਅਤੇ ਜਲੰਧਰ ਤੋਂ ਆਉਂਦਾ ਸੀ। ਪਰ ਇਹ ਕੋਰਸ ਅੰਮਿ੍ਤਸਰ ਵਿਖੇ ਸ਼ਿਫਟ ਕਰ ਦਿੱਤੇ ਗਏ, ਜਿਸ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਇਸ ਕੈਂਪਸ ਦੇ ਬੰਦ ਹੋਣ ਨਾਲ ਹਜਾਰਾਂ ਵਿਦਿਆਰਥੀ ਦੇ ਪੱਲੇ ਨਿਰਾਸ਼ਾ ਪਈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਦੀ ਪੂਰੀ ਇੱਛਾ ਸੀ ਕਿ ਇਸ ਕੈਂਪਸ ਨੂੰ ਦੁਬਾਰਾ ਸ਼ੁਰੂ ਕਰਵਾਇਆ ਜਾਵੇ ਅਤੇ ਉਨ੍ਹਾਂ ਨੇ ਦੂਜਾ ਪੱਤਰ 29 ਜੁਲਾਈ 2023 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲਿਖਿਆ ਅਤ ਬੇਨਤੀ ਕੀਤੀ ਕਿ ਪੀਟੀਯੂ ਜਲੰਧਰ ਨਾਲ ਸੰਬੰਧਿਤ ਲੋੜਵੰਦ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਇਹ ਕੈਂਪਸ ਦੁਬਾਰਾ ਚਾਲੂ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਜਦ ਪੀਟੀਯੂ ਜਲੰਧਰ ਵਲੋਂ ਸਾਲ 2024-2025 ਦਾਖਲਾ ਸ਼ੈਸਨ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕੈਂਪਸ ਬਟਾਲਾ ਨੂੰ ਮੁੜ ਸ਼ੁਰੂ ਕੀਤਾ। ਦੋ ਕੋਰਸ, ਬੈਚੂਲਰ ਆਫ ਕੰਪਿਊਟਰ ਐਪਲੀਕੇਸ਼ਨ ਅਤੇ ਬੈਚੂਲਰ ਆਫ ਬਿਜਨਸ ਐਡਮੈਨੇਸਟ੍ਰੇਸ਼ਨ ਲਈ 60/60 ਕੁਲ 120 ਸੀਟਾਂ ਵਿੱਚ ਵਿਦਿਆਰਥੀ ਐਡਮਿਸ਼ਨ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਬਟਾਲਾ ਵਿਖੇ ਮੁੜ ਕੋਰਸ ਸ਼ੁਰੂ ਹੋਣ ਨਾਲ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜਰ ਹਨ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਦਿ੍ਰੜ ਸੰਕਲਪ ਹਨ।