ਸਿਹਤਮੰਦ ਤੰਦਰੁਸਤ ਜਿੰਦਗੀ ਲਈ ਜਰੂਰੀ ਹੈ ਨਿਜੀ ਅਤੇ ਆਲੇ ਦੁਆਲੇ ਦੀ ਸਾਫ ਸਫਾਈ: ਡਾ ਡਮਾਣਾ
ਹੁਸ਼ਿਆਰਪੁਰ 16 ਫਰਵਰੀ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਅੱਜ ਪਿੰਡ ਬੱਸੀ ਗੁਲਾਮ ਹੁਸੈਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਨਵੀ ਬਣੀ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਅਤੇ ਸਰਕਾਰੀ ਹਾਈ ਸਕੂਲ ਚੌਹਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀ ਮੁਹੰਮਦ ਆਸਿਫ ਵੀ ਮੌਜੂਦ ਸਨ।
ਸਿਵਲ ਸਰਜਨ ਡਾ ਡਮਾਣਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀ ਗੁਲਾਮ ਹੁਸੈਨ ਪੁੱਜ ਕੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਲਈ ਬਣ ਰਹੇ ਮਿਡ ਡੇ ਮੀਲ ਦਾ ਜਾਇਜ਼ਾ ਲਿਆ ਅਤੇ ਖਾਣਾ ਤਿਆਰ ਕਰਨ ਸਮੇਂ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਬਾਰੇ ਕਿਹਾ। ਇਸ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਦੀ ਸਿਹਤ ਸੰਭਾਲ ਸੰਬੰਧੀ ਕਾਊਂਸਲਿੰਗ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਸਿਹਤਮੰਦ ਤੰਦਰੁਸਤ ਜਿੰਦਗੀ ਲਈ ਜਰੂਰੀ ਹੈ ਕਿ ਉਹ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ। ਉਨ੍ਹਾਂ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਹੱਥ ਧੋਣ ਦੀ ਵਿਗਿਆਨਕ ਵਿਧੀ ਬਾਰੇ ਵੀ ਦੱਸਿਆ।
ਡਾ ਡਮਾਣਾ ਨੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਦਿੱਤੀਆਂ ਜਾਂਦੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਚਰਚਾ ਕਰਦਿਆਂ ਇਸਦਾ ਵੱਧ ਤੋਂ ਵੱਧ ਲਾਭ ਜਰੂਰ ਉਠਾਉਣ ਲਈ ਕਿਹਾ। ਇਸਦੇ ਨਾਲ ਹੀ ਉਨ੍ਹਾਂ ਅਨੀਮੀਆ ਮੁਕਤ ਭਾਰਤ ਤਹਿਤ ਚੁਣੀਆਂ ਗਈਆਂ ਅਨੀਮਿਕ ਵਿਦਿਆਰਥਣਾਂ ਵੱਲੋਂ ਆਇਰਨ ਦੀਆਂ ਗੋਲੀਆਂ ਨਿਯਮਿਤ ਤੋਰ ਤੇ ਲਏ ਜਾਣ ਬਾਰੇ ਵੀ ਜਾਇਜ਼ਾ ਲਿਆ।
ਉਪਰੰਤ ਉਨ੍ਹਾਂ ਬਸੀ ਗੁਲਾਮ ਹੁਸੈਨ ਵਿਖੇ ਨਵੀ ਬਣੀ ਆਮ ਆਦਮੀ ਕਲੀਨਿਕ ਦਾ ਵੀ ਜਾਇਜ਼ਾ ਲਿਆ ਜੋ ਜਲਦ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕਰ ਦਿੱਤੀ ਜਾਵੇਗੀ। ਡਾ ਡਮਾਣਾ ਵੱਲੋਂ ਸਰਕਾਰੀ ਹਾਈ ਸਕੂਲ ਚੌਹਾਲ ਦਾ ਵੀ ਦੌਰਾ ਕੀਤਾ ਗਿਆ।