ਸਪੈਸ਼ਲ ਬੱਚਿਆਂ ਦੀ ਸਾਦਗੀ-ਸੁੱਚਮਤਾ ਹਨੇਰਿਆਂ ਨੂੰ ਦੂਰ ਕਰਨ ਦੀ ਰੱਖਦੀ ਹੈ ਤਾਕਤ: ਆਸ਼ੀਸ਼ ਉੱਪਲ
ਹੁਸ਼ਿਆਰਪੁਰ : ਸਪੈਸ਼ਲ ਬੱਚੇ ਇਸ ਦੁਨੀਆ ਲਈ ਖਾਸ ਹਨ ਤੇ ਜਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੌਰਾਨ ਆਪਣੇ ਖਾਸ ਲੋਕਾਂ ਦਾ ਖਿਆਲ ਰੱਖਦੇ ਹਾਂ ਉਸੇ ਤਰਜ ਉੱਪਰ ਸਾਨੂੰ ਇਨ੍ਹਾਂ ਸਪੈਸ਼ਲ ਬੱਚਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਸਾਦਗੀ ਤੇ ਸੁੱਚਮਤਾ ਹਮੇਸ਼ਾ ਸਮਾਜ ਵਿੱਚ ਫੈਲੇ ਹਨੇਰਿਆਂ ਨੂੰ ਦੂਰ ਕਰਨ ਦੀ ਤਾਕਤ ਰੱਖਦੀ ਹੈ। ਇਹ ਪ੍ਰਗਟਾਵਾ ਜੇ.ਐੱਸ.ਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਪੁੱਜੇ ਬਿ੍ਰਗੇਡੀਅਰ ਆਸ਼ੀਸ਼ ਉੱਪਲ ਵੱਲੋਂ ਬੱਚਿਆਂ ਨਾਲ ਕੀਤੀ ਮੁਲਾਕਾਤ ਦੌਰਾਨ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਗੁਰਿੰਦਰ ਸਿੰਘ ਅਤੇ ਤਰੁਣ ਸਿਦਾਣਾ ਦੀ ਮੌਜੂਦ ਰਹੇ ਜਿਨ੍ਹਾਂ ਦਾ ਸਕੂਲ ਪੁੱਜਣ ’ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਆਸਰਾ ਪ੍ਰੋਜੈਕਟ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ।
ਇਸ ਦੌਰਾਨ ਬਿ੍ਰਗੇਡੀਅਰ ਆਸ਼ੀਸ਼ ਉੱਪਲ ਵੱਲੋਂ ਸਕੂਲ ਨੂੰ 1 ਲੱਖ ਰੁਪਏ, ਗੁਰਿੰਦਰ ਸਿੰਘ ਵੱਲੋਂ ਡੇਢ ਲੱਖ ਰੁਪਏ ਤੇ ਤਰੁਣ ਸਿਦਾਣਾ ਵੱਲੋਂ 50 ਹਜਾਰ ਰੁਪਏ ਦੀ ਰਾਸ਼ੀ ਦਾ ਚੈੱਕ ਦਾਨ ਕੀਤਾ ਗਿਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਪੈਸ਼ਲ ਬੱਚਿਆਂ ਦੀਆਂ ਜਰੂਰਤਾਂ ਮੁਤਾਬਿਕ ਸਕੂਲ ਵਿੱਚ ਖਰਚ ਕੀਤਾ ਜਾਵੇਗਾ। ਇਸ ਸਮੇਂ ਬਿ੍ਰਗੇਡੀਅਰ ਆਸ਼ੀਸ਼ ਉੱਪਲ ਨੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹ ਪ੍ਰਸ਼ੰਸ਼ਾਯੋਗ ਹਨ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਇਸ ਸੰਸਥਾ ਨਾਲ ਜੁੜੇ ਹੋਏ ਹਾਂ। ਇਸ ਸਮੇਂ ਕਰਨਲ ਗੁਰਮੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਤੇ ਸਕੂਲ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਸਪੈਸ਼ਲ ਬੱਚਿਆਂ ਦੀ ਪ੍ਰਤਿਭਾ ਦੀ ਪਹਿਚਾਣ ਕਰਕੇ ਉਸ ਦੇ ਵਿਕਾਸ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਇਹ ਬੱਚੇ ਭਵਿੱਖ ਵਿੱਚ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕਣ।
ਉਨ੍ਹਾਂ ਆਸ਼ੀਸ਼ ਉੱਪਲ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਟੀਮ ਵੱਲੋਂ ਲਗਾਤਾਰ ਸਕੂਲ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਸਮੇਂ ਸੈਕਟਰੀ ਹਰਬੰਸ ਸਿੰਘ ਨੇ ਕਿਹਾ ਕਿ ਦਾਨੀਆਂ ਵੱਲੋਂ ਦਾਨ ਕੀਤਾ ਜਾਣ ਵਾਲਾ ਇੱਕ-ਇੱਕ ਪੈਸਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਖਰਚ ਕੀਤਾ ਜਾ ਰਿਹਾ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਕੂਲ ਨਾਲ ਜੁੜਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਸਪੈਸ਼ਲ ਬੱਚਿਆਂ ਵੱਲੋਂ ਜਿੱਥੇ ਮਹਿਮਾਨਾਂ ਨੂੰ ਪੌਂਦੇ ਭੇਟ ਕੀਤੇ ਗਏ ਉੱਥੇ ਹੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਆਸ਼ਾਦੀਪ ਵੈਂਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਵੱਲੋਂ ਸਕੂਲ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ, ਰਾਮ ਆਸਰਾ, ਹਰਮੇਸ਼ ਤਲਵਾੜ, ਮਲਕੀਤ ਸਿੰਘ ਮਹੇੜੂ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਬਰਿੰਦਰ ਕੁਮਾਰ ਸਮੇਤ ਸਕੂਲ ਦਾ ਸਟਾਫ ਮੌਜੂਦ ਰਿਹਾ।