ਥਾਣਾ ਮੁਖੀ ਮਾਹਿਲਪੁਰ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਹੋਈ ਵਾਇਰਲ
ਹੁਸ਼ਿਆਰਪੁਰ, 7 ਨਵੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਪ੍ਰਸ਼ਾਸਨ ‘ਚ ਸੋਮਵਾਰ ਨੂੰ ਭਾਜੜ ਪੈ ਗਈ ਜਦੋਂ ਐੱਸਐੱਸਪੀ ਨੇ ਥਾਣਾ ਮਾਹਿਲਪੁਰ ਦੇ ਐਸ ਐੱਚ ਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਲੋਕਾਂ ਦੀਆਂ ਨਜ਼ਰਾਂ ‘ਚ ਲਗਾਤਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵੱਡੀਆਂ ਵੱਡੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੁਖੀ ਦੀ ਬਦਲੀ ਪਹਿਲਾਂ ਤਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਾ ਉਤਰੀ। ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਥਾਣਾ ਮੁਖੀ 40,000 ਹਜ਼ਾਰ ਦੀ ਰਿਸ਼ਵਤ ਲੈ ਰਹੇ ਹਨ। ਹਾਲਾਂਕਿ ਇਸ ਵੀਡੀਓ ਨੂੰ ਥਾਣਾ ਮੁਖੀ ਨੇ ਤਿੰਨ ਸਾਲ ਪੁਰਾਣੀ ਤੇ ਉਧਾਰ ਦਿੱਤੇ ਪੈਸੇ ਵਾਪਸ ਲੈਂਦੇ ਹੋਏ ਦੱਸਿਆ। ਹਾਲਾਂਕਿ ਥਾਣਾ ਮੁਖੀ ਦਾ ਪੱਖ ਵੀਡੀਓ ਵਿਚਲੀ ਗੱਲਬਾਤ ਨਾਲ ਮੇਲ ਨਹੀਂ ਖਾਂਦਾ ਜਦਕਿ ਵੀਡੀਓ ਵਿਚ ਗੱਲਬਾਤ ਰਾਹੀਂ ਕਿਸੇ ਵਿਅਕਤੀ ਨੂੰ ਛੱਡਣ ਦੀ ਗੱਲਬਾਤ ਸਪਸ਼ਟ ਸੁਣਾਈ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ 1.04 ਮਿੰਟ ਦੀ ਵਾਇਰਲ ਹੋਈ। ਜਿਸ ਵਿਚ ਥਾਣਾ ਮੁਖੀ ਨੂੰ 40,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਕਿਸੇ ਵਿਅਕਤੀ ਨੂੰ ਹਿਰਾਸਤ ‘ਚੋਂ ਛੱਡਣ ਦੀ ਗੱਲ ਹੋ ਰਹੀ ਹੈ ਅਤੇ ਸੌਦਾ 40 ਹਜ਼ਾਰ ਵਿਚ ਤੈਅ ਹੁੰਦਾ ਹੈ।ਪੈਸੇ ਦੇਣ ਵਾਲਾ ਵਿਅਕਤੀ ਆਪਣੇ ਬਟੂਏ ‘ਚੋਂ ਪੰਜ-ਪੰਜ ਸੋ ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੈ ਜਿਸ ਨੂੰ ਲੈਣ ਤੋਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਪੂਰੇ ਪੈਸੇ ਦਿਓ। ਵਿਅਕਤੀ ਮੁੜ ਪੰਜ-ਪੰਜ ਸੌ ਦੇ 20 ਨੋਟ ਗਿਣ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੂੰ ਫੜਾਉਂਦਾ ਹੋਇਆ ਕਹਿੰਦਾ ਹੈ ਕਿ ਬਾਕੀ ਪੈਸੇ ਸਵੇਰੇ ਦੇ ਦੇਵੇਗਾ। ਪੈਸੇ ਲੈ ਕੇ ਥਾਣਾ ਮੁਖੀ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਰੱਖਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੇ ਇਹ ਰਿਸ਼ਵਤ ਕਿਸੇ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਵਿਚ ਥਾਣੇ ਰੱਖ ਉਸ ਨੂੰ ਛੱਡਣ ਬਦਲੇ ਲਏ ਸਨ। ਪਤਾ ਲੱਗਾ ਹੈ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਤੁਰੰਤ ਬਲਜਿੰਦਰ ਸਿੰਘ ਮੱਲ੍ਹੀ ਨੂੰ ਹੁਸ਼ਿਆਰਪੁਰ ਬੁਲਾ ਕੇ ਲਾਈਨ ਹਾਜ਼ਰ ਕਰ ਦਿੱਤਾ। ਇਸ ਸਬੰਧੀ ਪੁਲਿਸ ਦੇ ਵੱਡੇ ਅਧਿਕਾਰੀ ਕੁਝ ਵੀ ਬੋਲਣ ਤੋਂ ਆਨਾਕਾਨੀ ਕਰ ਰਹੇ ਹਨ ਅਤੇ ਨਾ ਹੀ ਪੱਤਰਕਾਰਾਂ ਦੇ ਫੋਨ ਚੁੱਕ ਰਹੇ ਹਨ।
ਉਧਾਰ ਦਿੱਤੇ ਪੈਸੇ ਲਏ ਸੀ ਵਾਪਸ : ਥਾਣਾ ਮੁਖੀ
ਵਿਵਾਦਾਂ ‘ਚ ਆਏ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਇਸ ਸਬੰਧੀ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਇਹ ਵੀਡੀਓ 2020 ਦੀ ਹੈ। ਮੈਂ ਕਿਸੇ ਪੁਲਿਸ ਕਰਮਚਾਰੀ ਤੋਂ ਉਧਾਰ ਦਿੱਤੇ ਪੈਸੇ ਵਾਪਸ ਲੈ ਰਿਹਾ ਹਾਂ। ਉਸ ਸਮੇਂ ਮੌਕੇ ਦੇ ਡੀਐੱਸਪੀ ਵੀ ਮੌਜੂਦ ਸਨ। ਹੁਣ ਤਿੰਨ ਸਾਲ ਬਾਅਦ ਵੀਡੀਓ ਵਾਇਰਲ ਕਰ ਦਿੱਤੀ ਜਿਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।