ਜਿਲ੍ਹਾ ਪੱਧਰ ‘ਤੇ “ਅਜਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਲਈਏ ਇਹ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਵਾਂਗੇ, ਖੁਸ਼ੀਆਂ ਦਾ ਵਿਕਲਪ” ਵਿਸ਼ੇ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਹੁਸ਼ਿਆਰਪੁਰ 27 ਜੂਨ: ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਆਬਾਦੀ ਦਿਵਸ ਨੂੰ ਸਮਰਪਿਤ ਦੰਪਤੀ ਸੰਪਰਕ ਪੰਦਰਵਾੜੇ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਦੀ ਸ਼ੁਰੂਆਤ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਕੀਤੀ ਗਈ। ਇਸ ਸੰਬੰਧੀ ਜਿਲ੍ਹਾ ਪੱਧਰ ‘ਤੇ “ਅਜਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਲਈਏ ਇਹ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਵਾਂਗੇ, ਖੁਸ਼ੀਆਂ ਦਾ ਵਿਕਲਪ” ਵਿਸ਼ੇ ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਔਰਤ ਰੋਗਾਂ ਦੇ ਮਾਹਰ ਡਾ ਮੰਜਰੀ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਐਲਐਚਵੀ ਰਾਜਵਿੰਦਰ ਕੌਰ, ਏਐਨਐਮ ਹਰਿੰਦਰ ਕੌਰ, ਏਐਨਐਮ ਕੁਲਵੰਤ ਕੌਰ ਅਤੇ ਏਐਨਐਮ ਮਨਿੰਦਰ ਕੌਰ ਸ਼ਾਮਿਲ ਸਨ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਮੰਜਰੀ ਨੇ ਆਬਾਦੀ ਨੂੰ ਠੱਲ ਪਾਉਣ ਲਈ ਅਪਣਾਏ ਜਾਣ ਵਾਲੇ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕੇ ਜਿਵੇਂ ਕਿ ਨਿਰੋਧ, ਕਾਪਰ ਟੀ ਅਤੇ ਗਰਭ ਨਿਰੋਧਕ ਗੋਲੀਆਂ, ਪੀ.ਪੀ.ਆਈ.ਯੂ.ਸੀ.ਡੀ. (ਕਾਪਰ ਟੀ), ਛਾਇਆ, ਅੰਤਰਾ, ਪੱਕੇ ਵਸੀਲੇ ਜਿਵੇਂ ਕਿ ਨਸਬੰਦੀ ਅਤੇ ਨਲਬੰਦੀ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਯੋਗ ਜੋੜੇ ਨੂੰ ਉਮਰ ਤੇ ਉਸਦੀ ਸਰੀਰਿਕ ਜਾਂਚ ਤੋਂ ਬਾਅਦ ਉਸਦੀ ਜਰੂਰਤ ਮੁਤਾਬਕ ਡਾਕਟਰ ਦੀ ਸਲਾਹ ਮੁਤਾਬਿਕ ਹੀ ਪਰਿਵਾਰ ਨਿਯੋਜਨ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਜੋੜਿਆਂ ਨੂੰ ਨਸਬੰਦੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜੋ ਕਿ ਪਰਿਵਾਰ ਨਿਯੋਜਨ ਦਾ ਆਸਾਨ ਤੇ ਵਧੀਆ ਤਰੀਕਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਵੱਧਦੀ ਆਬਾਦੀ ਇੱਕ ਗੰਭੀਰ ਮਸਲਾ ਹੈ, ਜੋ ਕਿ ਹੋਰ ਵੀ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਕਿਸੇ ਵੀ ਦੇਸ਼ ਦੇ ਸਮੁੱਚੇ ਵਿਕਾਸ ਲਈ ਆਬਾਦੀ ਦਾ ਸਥਿਰ ਹੋਣਾ ਵੀ ਜਰੂਰੀ ਹੈ। ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋਂ 27 ਜੂਨ ਤੋਂ 10 ਜੁਲਾਈ 2023 ਤੱਕ ਮੋਬਿਲਾਈਜ਼ੇਸ਼ਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਆਈ.ਈ.ਸੀ./ਬੀ.ਸੀ.ਸੀ. ਪ੍ਰੋਗਰਾਮਾਂ ਅਧੀਨ ਮਾਸ ਮੀਡੀਆ, ਪੈਂਫਲਿਟ, ਪੋਸਟਰਾਂ ਅਤੇ ਬੈਨਰਾ ਰਾਹੀਂ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜਾਗਰੁਕਤਾ ਪੰਦਰਵਾੜੇ ਤਹਿਤ ਸਿਹਤ ਵਿਭਾਗ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਵਿੱਚ ਅੰਤਰ ਰਖੱਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਵਸੀਲਿਆਂ ਨੂੰ ਅਪਨਾਉਣ ਸਬੰਧੀ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ।