ਜਿਲ੍ਹਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਵਲੋਂ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਬੀਈਈ ਅਤੇ ਆਰਬੀਐਸਕੇ ਦੀਆਂ ਟੀਮਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਹੁਸ਼ਿਆਰਪੁਰ 05 ਜੂਨ: ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਵਲੋਂ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਬੀਈਈ ਅਤੇ ਆਰਬੀਐਸਕੇ ਦੀਆਂ ਟੀਮਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮਕਸਦ ਮੀਜ਼ਲ ਰੁਬੇਲਾ ਦੇ ਦਸੰਬਰ 2023 ਤਕ ਖਾਤਮੇ ਨੂੰ ਲੈ ਕੇ ਵਿਆਪਕ ਪੱਧਰ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਨੇ ਬੱਚਿਆਂ ਵਿੱਚ ਪਾਈ ਜਾ ਰਹੀ ਖੂਨ ਦੀ ਕਮੀ ਵੱਲ ਧਿਆਨ ਕੇਂਦਰਿਤ ਕਰਦਿਆਂ ਆਰਬੀਐਸਕੇ ਦੀਆਂ ਟੀਮਾਂ ਨੂੰ ਨਿਰਦੇਸ਼ਿਤ ਕੀਤਾ ਸਕੂਲੀ ਬੱਚਿਆਂ ਦੀ ਸਕਰੀਨਿੰਗ ਕਰਦਿਆਂ ਅਨੀਮੀਆ ਨਾਲ ਪੀੜਿਤ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਐਚਬੀ ਘੱਟ ਹੋਣ ਤੇ ਉਹਨਾਂ ਨੂੰ ਇੱਕ ਮਹੀਨੇ ਤੱਕ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਦਿੱਤੀਆਂ ਜਾਣ ਅਤੇ ਪੰਦਰਾਂ ਦਿਨ ਬਾਅਦ ਫਾਲੋਅਪ ਕਰਕੇ ਉਹਨਾਂ ਦੀ ਸਥਿਤੀ ਨੂੰ ਵੇਖਿਆ ਜਾਵੇ। ਸਵੀਅਰ ਅਨੀਮਿਕ ਬੱਚਿਆਂ ਦੀ ਪੈਰੀਫੇਰਲ ਬਲੱਡ ਫਿਲਮ ਸਲਾਈਡ ਬਣਾ ਕੇ ਜਿਲ੍ਹਾ ਹਸਪਤਾਲ ਭੇਜੀ ਜਾਵੇ ਤਾਂ ਜੋ ਅਨੀਮੀਆ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਬੱਚਿਆਂ ਦੀ ਸਕਰੀਨਿੰਗ ਦੌਰਾਨ ਘੱਟ ਨਿਗਾਹ ਵਾਲੇ ਬੱਚਿਆਂ ਨੂੰ ਵੀ ਅਪਥਲਮਿਕ ਅਫਸਰ ਕੋਲੋਂ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਉਹਨਾਂ ਨੂੰ ਨਿਗਾਹ ਦੀਆਂ ਐਨਕਾਂ ਲਗਵਾਈਆਂ ਜਾ ਸਕਣ।
ਇਸ ਮੌਕੇ ਜਿਲਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਨੇ ਬੱਚਿਆਂ ਦੇ ਸੰਪੂਰਨ ਟੀਕਾਕਰਣ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਫੀਲਡ ਵਿਚ ਆਸ਼ਾ ਏਐਨਐਮ ਅਤੇ ਐਲਐਚਵੀ ਮਿਲ ਕਿ ਹਾਈ ਰਿਸਕ ਏਰੀਆ ਦਾ ਦੌਰਾ ਕਰਨ। ਡਰਾਪ ਆਊਟ ਅਤੇ ਲੈਫਟ ਆਊਟ ਬੱਚਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਏਰੀਆ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣ ਤਾਂ ਜੋ ਉਹਨਾਂ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮੀਜ਼ਲ ਅਤੇ ਰੁਬੇਲਾ ਨੂੰ ਦਸੰਬਰ 2023 ਤਕ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਬਿਮਾਰੀਆਂ ਤੋਂ ਮੁਕਤ ਕਰ ਸਕਦੇ ਹਾਂ। ਇਸ ਮੌਕੇ ਡੀਪੀਐਮ ਮੁਹੰਮਦ ਆਸਿਫ਼ , ਡਾ ਮੀਤ ਸੋਢੀ, ਡਿਪਟੀ ਮਾਸ ਮੀਡਿਆ ਅਫਸਰ ਤ੍ਰਿਪਤਾ ਦੇਵੀ ਅਤੇ ਹੋਰ ਹਾਜ਼ਰ ਸਨ ।