41 ਸੰਸਥਾਵਾਂ ਦੇ 1800 ਤੋਂ ਵੱਧ ਵਾਲੰਟੀਅਰਾਂ ਨੇ 11 ਹਜ਼ਾਰ ਤੋਂ ਵੱਧ ਬੂਟੇ ਲਗਾਏ
ਹੁਸ਼ਿਆਰਪੁਰ, 5 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮੰਤਵ ਨਾਲ ਯੁਵਕ ਸੇਵਾਵਾਂ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ, ਐਨ.ਐਸ. ਐਸ ਵਲੰਟੀਅਰਾਂ, ਰੈੱਡ ਰਿਬਨ ਕਲੱਬਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮੁਹਿੰਮ ਵਜੋਂ ਲੈਂਦੇ ਹੋਏ ਜ਼ਿਲ੍ਹੇ ਦੀਆਂ 41 ਸੰਸਥਾਵਾਂ ਦੇ 1800 ਤੋਂ ਵੱਧ ਵਾਲੰਟੀਅਰਾਂ ਨੇ 11 ਹਜ਼ਾਰ ਤੋਂ ਵੱਧ ਬੂਟੇ ਲਗਾਏ। ਉਨ੍ਹਾਂ ਦੱਸਿਆ ਕਿ ਛੁੱਟੀਆਂ ਦੇ ਬਾਵਜੂਦ ਜ਼ਿਲ੍ਹੇ ਭਰ ਦੇ ਵਲੰਟੀਅਰਾਂ ਵੱਲੋਂ ਆਪੋ-ਆਪਣੇ ਘਰਾਂ, ਗਲੀਆਂ, ਮੁਹੱਲਿਆਂ ਅਤੇ ਕੁਝ ਜਨਤਕ ਥਾਵਾਂ ’ਤੇ ਬੂਟੇ ਲਗਾਏ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਛੁੱਟੀਆਂ ਕਾਰਨ ਸਕੂਲ ਅਤੇ ਕਾਲਜ ਬੰਦ ਹਨ, ਇਸ ਲਈ ਸਕੂਲਾਂ ਅਤੇ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨਾਲ ਵਟਸਐਪ ਗਰੁੱਪਾਂ ਰਾਹੀਂ ਆਨਲਾਈਨ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਤੋਂ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬੂਟੇ ਲਗਾਉਣ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ ੍ਟ ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 20 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਜੰਗਲਾਤ ਵਿਭਾਗ ਤੋਂ ਵੀ ਸਹਿਯੋਗ ਲਿਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਸੰਤੁਲਿਤ ਰੱਖਣ ਵਿੱਚ ਬਣਦਾ ਯੋਗਦਾਨ ਪਾਇਆ ਜਾ ਸਕੇ।