ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੇ ਮੱਦੇ ਨਜ਼ਰ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਅਤੇ ਸਰਵੇ ਗਤੀਵਿਧੀਆਂ ਕੀਤੀਆਂ ਸ਼ੁਰੂ
ਹੁਸ਼ਿਆਰਪੁਰ 2 ਜੂਨ 2023: ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੀ ਆਮਦ ਸ਼ੁਰੂ ਹੁੰਦਿਆਂ ਹੀ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ ਚਿਕਨਗੂਣੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਮੱਦੇ ਨਜ਼ਰ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਾਗਰੂਕਤਾ ਅਤੇ ਸਰਵੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਵੱਲੋਂ ਜਿਲ੍ਹਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ ਦੀ ਅਗਵਾਈ ਵਿਚ ਘਰ ਘਰ ਵਿਜ਼ਿਟ ਦੌਰਾਨ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ ਆਦਿ ਵਿੱਚ ਜਮਾ ਪਾਣੀ ਨੂੰ ਨਸ਼ਟ ਕਰਵਾਕੇ, ਪੂਰੀ ਤਰ੍ਹਾਂ ਖੁਸ਼ਕ (ਡਰਾਈ) ਰੱਖਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਖਤਮ ਕੀਤਾ ਜਾ ਸਕੇ। ਇਸੇ ਤਹਿਤ ਬੀਤੇ ਦਿਨ ਟੀਮ ਵੱਲੋਂ ਸ਼ਹਿਰੀ ਖੇਤਰ ਦੇ ਦੋ ਨਿੱਜੀ ਸਕੂਲਾਂ ਦਾ ਸਰਵੇ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਸਕੂਲ ਦੇ 16 ਕੂਲਰਾਂ ਅਤੇ ਦੂਜੇ ਸਕੂਲ ਦੇ 4 ਕੂਲਰਾਂ ਵਿੱਚ ਵੱਡੀ ਮਾਤਰਾ ਵਿਚ ਮੱਛਰਾਂ ਦਾ ਲਾਰਵਾ ਪਾਇਆ ਗਿਆ ਜਿਸਨੂੰ ਮੌਕੇ ਤੇ ਹੀ ਕੂਲਰ ਖਾਲੀ ਕਰਕੇ ਨਸ਼ਟ ਕਰਵਾਇਆ ਗਿਆ। ਉਨ੍ਹਾਂ ਸਮੂਹ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਕੂਲਾਂ ਵਿੱਚ ਛੁੱਟੀਆਂ ਹੋ ਗਈਆਂ ਹਨ, ਇਸ ਲਈ ਕੂਲਰਾਂ ਨੂੰ ਖਾਲੀ ਕਰਕੇ ਸੁੱਕਾ ਕਰਕੇ ਰੱਖਿਆ ਜਾਵੇ, ਤਾਂ ਜੋ ਲਾਰਵਾ ਨਾ ਪਨਪ ਸਕੇ। ਸਕੂਲ ਖੁੱਲਣ ਉਪਰੰਤ ਵੀ ਨਿਯਮਿਤ ਤੌਰ ਤੇ ਹਰ ਹਫਤੇ ਕੂਲਰਾਂ ਨੂੰ ਖਾਲੀ ਕਰਕੇ ਸੁਕਾਇਆ ਜਾਵੇ ।
ਡਾ. ਜਗਦੀਪ ਸਿੰਘ ਨੇ ਕਿਹਾ ਕਿ ਮੱਛਰ ਦੇ ਕਟੱਣ ਤੋਂ ਬਚਾਅ ਲਈ ਦਿਨ ਵਿੱਚ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ, ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਨਾਲ ਅਸੀਂ ਇਨਾਂ ਬੀਮਾਰੀਆਂ ਤੋਂ ਬੱਚ ਸਕਦੇਂ ਹਾਂ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ ਤਾਂ ਜੋ ਇਹਨਾਂ ਬਿਮਾਰੀਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ ।