ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਈ.ਵੀ ਹਸਪਤਾਲ ਵਲੋਂ ਸਮਾਜਿਕ ਭਾਗੀਦਾਰੀ ਤਹਿਤ ਦਿੱਤੀਆਂ ਜਾਣਗੀਆਂ ਮੁਫਤ ਓ.ਪੀ.ਡੀ ਸੇਵਾਵਾਂ : ਡਾ. ਪ੍ਰੀਤ ਮਹਿੰਦਰ ਸਿੰਘ
ਹੁਸ਼ਿਆਰਪੁਰ 23 ਫਰਵਰੀ (ਡੀ.ਐਨ.ਟੀਵੀ ) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪ੍ਰੀਤ ਮਹਿੰਦਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਈ.ਵੀ ਹਸਪਤਾਲ ਹੁਸ਼ਿਆਰਪੁਰ ਦੀ ਸਮਾਜਿਕ ਭਾਗੀਦਾਰੀ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹਰ ਸ਼ਨੀਵਾਰ ਨੂੰ ਆਈ ਵੀ ਵਾਈ ਹਸਪਤਾਲ ਦੇ ਮਾਹਿਰਾਂ ਵਲੋਂ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਓ.ਪੀ.ਡੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਵਿੱਚ ਸਰਜੀਕਲ ਨਿਊਰੋਲੋਜਿਸਟ , ਕਾਰਡੀਓਲੋਜਿਸਟ ਸੇਵਾਂਵਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਮਹੀਨੇ ਦੀ ਹਰੇਕ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਾਇਨੀਕੋਲੋਜਿਸਟ ਵਲੋਂ ਔਰਤ ਰੋਗਾਂ ਦੀ ਜਾਂਚ ਕੀਤੀ ਜਾਵੇਗੀ । ਉਨਾਂ ਇਹ ਵੀ ਦੱਸਿਆ ਕਿ ਹਰੇਕ ਸ਼ਨੀਵਾਰ ਨੂੰ ਮਰੀਜਾਂ ਦੀ ਸਹੂਲਤ ਲਈ ਆਈ.ਵੀ ਹਸਪਤਾਲ ਵਲੋਂ ਈਕੋ ਕਾਰਡੀਓਗ੍ਰਾਫੀ ਮਸ਼ੀਨ ਵੀ ਲਿਆਂਦੀ ਜਾਇਆ ਕਰੇਗੀ ਜਿਸ ਨਾਲ ਆਮ ਲੋਕਾਂ ਨੂੰ ਹੋਰ ਲਾਭ ਮਿਲ ਸਕੇਗਾ ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਆਈ.ਵੀ ਹਸਪਤਾਲ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨਾਲ ਇੱਕ ਤਿੰਨ ਸਾਲ ਲਈ ਕਰਾਰ ਵੀ ਕੀਤਾ ਗਿਆ ਹੈ ਜਿਸ ਤਹਿਤ ਜਿਲ੍ਹਾ ਹੁਸ਼ਿਆਰਪੁਰ ਦੇ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਜਾਂ ਸੇਵਾ ਮੁਕਤ ਕਰਮਚਾਰੀ ,ਅਧਿਕਾਰੀ ਅਤੇ ਉਹਨਾਂ ਦੇ ਆਸ਼ਰਿਤਾਂ ਲਈ ਸੁਪਰਸਪੈਸ਼ਲਿਟੀ ਸਿਹਤ ਸਹੂਲਤਾਂ ਕੇਂਦਰ ਸਰਕਾਰ ਸਿਹਤ ਸਕੀਮ ਦੇ ਮੁੱਲਾਂ ਉੱਤੇ ਆਈ.ਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਮਿਲਣਗੀਆਂ । ਉਨਾਂ ਦੱਸਿਆ ਕਿ ਆਈ ਵੀ ਹਸਪਤਾਲ ਵਿਚ ਆਪਣਾ ਪਹਿਚਾਣ ਪੱਤਰ ਦਿਖਾ ਕੇ ਅਤੇ ਸਾਬਕਾ/ ਸੇਵਾ ਮੁਕਤ ਕਰਮਚਾਰੀ ਆਪਣਾ ਪੀ ਪੀ ਓ ਦਿਖਾ ਕੇ ਓ ਪੀ ਡੀ ਅਤੇ ਆਈ ਪੀ ਡੀ ਦੀਆਂ ਉਪਲਭਦ ਸੇਵਾਵਾਂ (ਸੀ ਜੀ ਐਚ ਐਸ ਮੁੱਲ ) ਕੇਂਦਰ ਸਰਕਾਰ ਸਿਹਤ ਸਕੀਮ ਦੇ ਮੁੱਲਾਂ ਉੱਤੇ ਭੁਗਤਾਨ ਕਰਕੇ ਲੈ ਸਕਦੇ ਹਨ । ਇਨਾਂ ਸਹੂਲਤਾਂ ਸੰਬੰਧੀ ਕਿਸੇ ਕਿਸਮ ਉਲਝਣ/ਮਦਦ/ਸ਼ਿਕਾਇਤ ਦੀ ਸਥਿਤੀ ਵਿਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਓਬਡਸਮੈਨ ਦੇ ਤੌਰ ਤੇ ਕੰਮ ਕਰੇਗਾ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ ,ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਸਵਾਤੀ, ਫੈਕਲਟੀ ਮੁਖੀ ਆਈ ਵੀ ਹਸਪਤਾਲ ਹੁਸ਼ਿਆਰਪੁਰ ਡਾ ਸਚਿਨ ਸੂਦ, ਅਭੈ ਮੋਹਨ ਅਤੇ ਕੇਵਲ ਕ੍ਰਿਸ਼ਨ ਹਾਜ਼ਰ ਸਨ ।