ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਫੀਸ ਮੁਆਫ ਇਤਿਹਾਸਕ ਫੈਸਲਾ: ਡਾ. ਇਸ਼ਾਂਕ ਕੁਮਾਰ
ਚੱਬੇਵਾਲ : ਸਿੱਖ ਸੰਗਤਾਂ ਲਈ ਇਹ ਇਕ ਇਤਿਹਾਸਕ ਘੜੀ ਹੈ ਕਿ ਅੱਜ ਪੰਥ ਤੋਂ ਵਿਛੋੜੇ ਗਏ ਦਰਬਾਰ ਸਾਹਿਬ ਕਰਤਾਰਪੁਰ ਅਤੇ ਹੋਰਨਾਂ ਗੁਰ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ ਕੀਤੀਆਂ ਗਈਆਂ ਅਰਦਾਸਾਂ ਪੂਰੀਆਂ ਹੋ ਗਈਆਂ ਹਨ | ਹੁਣ ਵੀਜ਼ਾ ਫੀਸ ਨਾ ਹੋਣ ‘ਤੇ ਹੋਰ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਆਪਣੇ ਗੁਰੂਆਂ ਦੀ ਚਰਣ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣਗੇ |
ਡਾ. ਇਸ਼ਾਂਕ ਕੁਮਾਰ, ਆਪ ਉਮੀਦਵਾਰ ਚੱਬੇਵਾਲ ਨੇ ਪੰਜਾਬ ਅਤੇ ਸਮੁਚੇ ਦੇਸ਼ – ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਵਧਾਈ ਸੰਦੇਸ਼ ਦਿੰਦਿਆਂ ਇਹ ਵਿਚਾਰ ਸਾਂਝੇ ਕੀਤੇ | ਉਹਨਾਂ ਕਿਹਾ ਕਿ ਇਸ ਫੈਸਲੇ ਦਾ ਉਹ ਸੁਆਗਤ ਕਰਦੇ ਹਨ ਅਤੇ ਇਸ ਨਾਲ ਸੰਗਤਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ |
ਇਸ ਮੌਕੇ ‘ਤੇ ਆਪ ਹੁਸ਼ਿਆਰਪੁਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਵੀ ਸੰਗਤਾਂ ਅਤੇ ਪੰਥਕ ਆਗੂਆਂ ਨੂੰ ਵਧਾਈ ਦਿੱਤੀ | ਉਹਨਾਂ ਨੇ ਦੱਸਿਆ ਕਿ ਡਾ ਇਸ਼ਾਂਕ ਕੁਮਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਚੱਬੇਵਾਲ ਦੀ ਸੰਗਤ ਲਈ ਤੀਰਥ ਸਥਾਨਾਂ, ਮੰਦਿਰਾਂ ਅਤੇ ਗੁਰੂਦਵਾਰਿਆਂ ਲਈ ਫ੍ਰੀ ਬਸ ਸੇਵਾ, ਫ੍ਰੀ ਖਾਣ-ਰਹਿਣ ਦੇ ਪ੍ਰਬੰਧ ਕੀਤੇ ਜਾਣ ਲਈ ਪ੍ਰਵਾਨਗੀ ਲੈ ਲਈ ਹੈ |
ਡਾ. ਰਾਜ ਕੁਮਾਰ ਨੇ ਡਾ. ਇਸ਼ਾਂਕ ਦੇ ਇਸ ਉਪਰਾਲੇ ਲਈ ਉਹਨਾਂ ਦੀ ਸ਼ਲਾਘਾ ਕੀਤੀ ਕਿ ਉਹ ਆਪਣੇ ਹਲਕੇ ਦੀਆਂ ਸੰਗਤਾਂ ਦੀ ਸੁਖ -ਸੁਵਿਧਾ ਲਈ ਸੋਚ-ਵਿਚਾਰ ਕਰਦੇ ਹਨ | ਉਹਨਾਂ ਕਿਹਾ ਕਿ ਸੰਗਤਾਂ ਦੁਆਰਾ ਗੁਰ ਧਾਮਾਂ ਦੇ ਦਰਸ਼ਨਾਂ ਸਬੰਧੀ ਜੇਕਰ ਕੋਈ ਹੋਰ ਲੋੜ ਵੀ ਹੋਵੇਗੀ ਤਾਂ ਉਸ ਨੂੰ ਵੀ ਉਹ ਆਪਣੇ ਪੱਧਰ ‘ਤੇ ਜ਼ਰੂਰ ਪੂਰਾ ਕਰਵਾਉਣਗੇ ਅਤੇ ਸੰਗਤਾਂ ਦੇ ਤੇ ਅਕਾਲ ਪੁਰਖ ਦੇ ਅਸ਼ੀਰਵਾਦ ਪ੍ਰਾਪਤ ਕਰਣਗੇ|