ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ ਸੰਚਾਰਿਤ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ: ਡਾ. ਰਣਜੀਤ ਸਿੰਘ

ਹੁਸ਼ਿਆਰਪੁਰ 23 ਮਈ 2025 ( ਹਰਪਾਲ ਲਾਡਾ ) : ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਮਹੀਨੇ ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਚੌਧਰੀ ਬਲਵੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਇੱਕ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਕਰਵਾਈ ਗਈ ਅਤੇ ਬੱਚਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਆਸਾਪੁਰ ਸਿੰਘ ਬੇਦੀ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰਤਿਯੋਗਿਤਾ ਦੌਰਾਨ ਸਿਹਤ ਵਿਭਾਗ ਵੱਲੋਂ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ ਅਤੇ ਸਨਦੀਪ ਸਿੰਘ ਤੋਂ ਇਲਾਵਾ ਸਕੂਲ ਟੀਚਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਹੋਰ ਸਟਾਰ ਮੈਂਬਰ ਸ਼ਾਮਿਲ ਹੋਏ।


ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ ਰਣਜੀਤ ਸਿੰਘ ਨੇ ਕਿਹਾ ਕਿ ਹਾਈਪਰਟੈਂਸ਼ਨ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਈ ਬਲੱਡ ਪ੍ਰੈਸ਼ਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਕਿਉਂਕਿ ਦੁਨੀਆਂ ਦੀ 30 ਫੀਸਦੀ ਤੋਂ ਵੀ ਜਿਆਦਾ ਆਬਾਦੀ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਹੈ ਜਿਸ ਕਾਰਣ ਦਿਲ ਦੀਆਂ ਬੀਮਾਰੀਆਂ, ਕਿਡਨੀ ਫੇਲੀਅਰ ਆਦਿ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਬਦਲਦੀ ਜੀਵਨ ਸ਼ੈਲੀ ਕਾਰਣ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਤਲਿਆ ਹੋਇਆ ਜਾਂ ਜਿਆਦਾ ਨਮਕ ਵਾਲਾ ਭੋਜਨ, ਬੁਢਾਪਾ, ਨਸ਼ੀਲੇ ਪਦਾਰਥ, ਮੋਟਾਪਾ, ਘੱਟ ਕਸਰਤ ਅਤੇ ਦਿਮਾਗੀ ਪ੍ਰੇਸ਼ਾਨੀ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਣ ਹਨ। ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ ਸੰਚਾਰਿਤ ਬੀਮਾਰੀਆਂ ਜਿਵੇਂ ਸ਼ੂਗਰ, ਦਿਲ ਦਾ ਦੌਰਾ ਆਦਿ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਨਮਕ ਅਤੇ ਤਲੀਆਂ ਚੀਜਾਂ ਦਾ ਸੇਵਨ ਘੱਟ ਕੀਤਾ ਜਾਵੇ ਅਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਵਜ਼ਨ ਨਾ ਵੱਧਣ ਦਿੱਤਾ ਜਾਵੇ, ਖਾਣੇ ਵਿੱਚ ਚਰਬੀ ਦੀ ਮਾਤਰਾ ਘਟਾਈ ਜਾਵੇ, ਸ਼ਬਜ਼ੀਆਂ ਅਤੇ ਫਲ ਜਿਆਦਾ ਮਾਤਰਾ ਵਿੱਚ ਖਾਓ ਤੇ ਤਨਾਅ ਨੂੰ ਦੂਰ ਘਟਾਓ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਪੂਰਾ ਮਹੀਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸਾਲ ਦਾ ਥੀਮ ‘‘ਆਪਣਾ ਬਲੱਡ ਪ੍ਰੈਸ਼ਰ ਸਹੀ ਢੰਗ ਨਾਲ ਮਾਪੋ, ਇਸਨੂੰ ਨਿਯੰਤਰਿਤ ਕਰੋ ਅਤੇ ਲੰਬੇ ਸਮੇਂ ਤੱਕ ਜੀਓ’’ ਰੱਖਿਆ ਗਿਆ ਹੈ। ਜਿਸ ਦਾ ਮਕਸਦ ਹੈ ਕਿ ਲੋਕ ਆਪਣੇ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਬਾਰੇ ਜਾਗਰੂਕ ਹੋਣ। ਉਨਾ ਕਿਹਾ ਕਿ ਇਸਦੇ ਇਲਾਜ ਅਤੇ ਕੰਟਰੋਲ ਲਈ ਜਰੂਰੀ ਹੈ ਕਿ ਰੋਜਾਨਾ ਕਸਤਰ ਕੀਤੀ ਜਾਵੇ ਜਾਂ ਹਫਤੇ ਵਿੱਚ ਘੱਟੋ ਘੱਟ 5 ਵਾਰ ਕੀਤੀ ਜਾਵੇ। ਘੱਟ ਤੋਂ ਘੱਟ 30 ਮਿੰਟ ਰੋਜ ਕਸਰਤ ਕੀਤੀ ਜਾਵੇ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਸਿਹਤਮੰਦ ਰਹਿਣ ਸਹਿਣ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਸਿਹਤ ਵਿਭਾਗ ਵੱਲੋਂ ਪੇਟਿੰਗ ਪ੍ਰਤਿਯੋਗਿਤਾ ਵਿੱਚ ਪਹਿਲਾ ਦੂਜਾ ਅਤੇ ਤੀਜਾ ਇਨਾਮ ਦੇ ਕੇ ਅਤੇ ਸਮੂਹ ਭਾਗੀਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।