16 ਮਈ ਤੋਂ ਜਿਲ੍ਹੇ ਦੇ ਪਿੰਡਾਂ ਵਿੱਚ ਹੋਣਗੀਆਂ ਨਸ਼ਾ ਮੁਕਤੀ ਯਾਤਰਾਵਾਂ: ਡਿਪਟੀ ਕਮਿਸ਼ਨਰ

ਫਰੀਦਕੋਟ ( ਹਰਪਾਲ ਲਾਡਾ ): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ । ਜਿਸ ਤਹਿਤ ਰਾਜ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ 16 ਮਈ ਤੋਂ ਜ਼ਿਲੇ ਦੇ ਹਰੇਕ ਹਲਕੇ ਦੇ ਤਿੰਨ-ਤਿੰਨ ਪਿੰਡਾਂ ਵਿਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ, ਨਸ਼ਾ ਛੱਡ ਚੁੱਕੇ ਲੋਕਾਂ ਦੇ ਪੁਨਰਵਾਸ ਅਤੇ ਲੋਕਾਂ ਨੂੰ ਨਸ਼ਿਆਂ ਦਾ ਵਿਉਪਾਰ ਕਰਨ ਵਾਲੇ ਲੋਕਾਂ ਪ੍ਰਤੀ ਅਵਾਜ਼ ਉਠਾਉਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾਵਾਂ ਸ਼ੁਰੂ ਹੋ ਰਹੀਆਂ ਹਨ ਜਿਸ ਤਹਿਤ ਇਨ੍ਹਾਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦਾ ਵੀ ਆਯੋਜਤ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੋਰ ਨੇ ਵੱਖ ਵੱਖ ਵਿਭਾਗਾਂ ਨਾਲ ਜਾਗਰੂਕਤਾ ਰੈਲੀ ਸੰਬਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਜਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਅੰਦਰ ਪੈਂਦੇ 3-3 ਪਿੰਡਾਂ ਵਿੱਚ ਰੋਜ਼ਾਨਾ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਜਿਸ ਤਹਿਤ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਅਤੇ ਜਿਲ੍ਹਾ ਸੁਰੱਖਿਆ ਕੇ ਅਤੇ ਜਿਲ੍ਹਾ ਸੁਰੱਖਿਆ ਕਮੇਟੀਆਂ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤੇ ਸਬੰਧਤ ਹਲਕਾ ਵਿਧਾਇਕ, ਸਿਹਤ ਵਿਭਾਗ, ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਹਿਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨਗੇ।


ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਮ ਨੋਡਲ ਅਫਸਰ ਮਾਲਵਾ ਜੋਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਤੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਨਸ਼ਿਆਂ ਨੂੰ ਠੱਲ੍ਹ ਪਈ ਹੈ ਤੇ ਜਲਦੀ ਹੀ ਇਸ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 16 ਮਈ ਤੋਂ ਹਲਕਾ ਫਰੀਦਕੋਟ ਦੇ ਪਿੰਡ ਢਿੱਲਵਾ ਖੁਰਦ ਵਿਖੇ ਸ਼ਾਮ 4 ਵਜੇ, ਪਿੰਡ ਜੰਡਵਾਲਾ ਵਿਖੇ ਸ਼ਾਮ 5 ਵਜੇ ਅਤੇ ਪਿੰਡ ਸਾਧੂਵਾਲਾ ਵਿਖੇ ਸ਼ਾਮ 6 ਵਜੇ ਸਮਾਗਮ ਹੋਣਗੇ ਜਿਸ ਵਿੱਚ ਹਲਕੇ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਹਲਕਾ ਕੋਟਕਪੂਰਾ ਦੇ ਪਿੰਡ ਢੁੱਡੀ ਵਿਖੇ ਸ਼ਾਮ 4 ਵਜੇ, ਪਿੰਡ ਧੂੜਕੋਟ ਵਿਖੇ ਸ਼ਾਮ 5 ਵਜੇ ਅਤੇ ਪਿੰਡ ਕੋਟਸੁੱਖੀਆਂ ਵਿਖੇ ਸ਼ਾਮ 6 ਵਜੇ ਸਮਾਗਮ ਹੋਣਗੇ, ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਹਲਕਾ ਜੈਤੋ ਦੇ ਪਿੰਡ ਢਿੱਲਵਾ ਕਲਾਂ ਵਿਖੇ ਸ਼ਾਮ 4 ਵਜੇ, ਪਿੰਡ ਕੋਠੇ ਹਜੂਰਾ ਸ਼ਾਮ 5 ਵਜੇ ਅਤੇ ਪਿੰਡ ਕੋਠੇ ਰਾਮਸਰ ਵਿਖੇ ਸ਼ਾਮ 6 ਵਜੇ ਸਮਾਗਮ ਹੋਣਗੇ, ਜਿਸ ਵਿੱਚ ਹਲਕੇ ਦੇ ਵਿਧਾਇਕ ਸ. ਅਮੋਲਕ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਉਨ੍ਹਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਐੱਸ . ਡੀ. ਐੱਮ ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ,ਐੱਸ . ਡੀ. ਐੱਮ ਕੋਟਕਪੂਰਾ ਵਰਿੰਦਰ ਸਿੰਘ, ਐੱਸ . ਡੀ. ਐੱਮ ਜੈਤੋ ਸ਼੍ਰੀ ਸੂਰਜ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।